ਚੰਦਰਬਾਬੂ ਨਾਇਡੂ ਦਾ ਐਲਾਨ, ਜੇਕਰ 2024 ’ਚ ਪਾਰਟੀ ਸੱਤਾ ’ਚ ਨਾ ਆਈ ਤਾਂ ਉਹ ਮੇਰੀ ਆਖ਼ਰੀ ਚੋਣ ਹੋਵੇਗੀ

Thursday, Nov 17, 2022 - 02:28 PM (IST)

ਆਂਧਰਾ ਪ੍ਰਦੇਸ਼- ਚੰਦਰਬਾਬੂ ਨਾਇਡੂ ਨੇ ਕਿਹਾ ਕਿ ਜੇਕਰ 2024 ਦੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਸੱਤਾ ’ਚ ਨਹੀਂ ਪਰਤੀ ਤਾਂ ਉਹ ਉਨ੍ਹਾਂ ਦੀ ਆਖ਼ਰੀ ਚੋਣ ਹੋਵੇਗੀ। ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ’ਚ ਬੁੱਧਵਾਰ ਦੇਰ ਰਾਤ ਇਕ ਰੋਡ ਸ਼ੋਅ ’ਚ ਭਾਵੁਕ ਹੋਏ ਸਾਬਕਾ ਮੁੱਖ ਮੰਤਰੀ ਨੇ ਤੇਦੇਪਾ ਦੇ ਸੱਤਾ ’ਚ ਪਰਤਣ ਤੱਕ ਵਿਧਾਨ ਸਭਾ ’ਚ ਕਦਮ ਨਾ ਰੱਖਣ ਦੇ ਆਪਣੇ ਸੰਕਲਪ ਨੂੰ ਦੋਹਰਾਇਆ। 

ਨਾਇਡੂ ਨੇ ਕਿਹਾ ਕਿ ਜੇਕਰ ਮੈਨੂੰ ਵਿਧਾਨ ਸਭਾ ’ਚ ਪਰਤਣਾ ਹੈ, ਜੇਕਰ ਮੈਨੂੰ ਸਿਆਸਤ ’ਚ ਬਣਿਆ ਰਹਿਣਾ ਹੈ ਅਤੇ ਜੇਕਰ ਆਂਧਰਾ ਪ੍ਰਦੇਸ਼ ਨਾਲ ਨਿਆਂ ਕਰਨਾ ਹੈ। ਜੇਕਰ ਤੁਸੀਂ ਅਗਲੀਆਂ ਚੋਣਾਂ ’ਚ ਸਾਨੂੰ ਜਿੱਤ ਨਹੀਂ ਦਿਵਾਉਂਦੇ ਤਾਂ ਇਹ ਮੇਰੀ ਆਖ਼ਰੀ ਚੋਣ ਹੋ ਸਕਦੀ ਹੈ।’’ ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ, ‘‘ਕੀ ਤੁਸੀਂ ਮੈਨੂੰ ਆਪਣਾ ਆਸ਼ੀਰਵਾਦ ਦਿਓਗੇ? ਕੀ ਤੁਹਾਡਾ ਮੇਰੇ ’ਤੇ ਭਰੋਸਾ ਹੈ? ਉੱਥੇ ਮੌਜੂਦ ਲੋਕਾਂ ਨੇ ਬਹੁਤ ਹੀ ਉਤਸ਼ਾਹਪੂਰਕ ਤਰੀਕੇ ਨਾਲ ਇਸ ਦਾ ਜਵਾਬ ਦਿੱਤਾ।

ਯੁਵਜਨ ਸ਼੍ਰਮਿਕ ਰਾਇਥੂ (ਵਾਈ. ਐੱਸ. ਆਰ) ਕਾਂਗਰਸ ਪਾਰਟੀ ਉੱਤੇ ਸਦਨ ਵਿਚ ਆਪਣੀ ਪਤਨੀ ਦਾ ਅਪਮਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਵਿਰੋਧੀ ਧਿਰ ਦੇ ਨੇਤਾ ਨੇ 19 ਨਵੰਬਰ 2021 ਨੂੰ ਸੰਕਲਪ ਲਿਆ ਸੀ ਕਿ ਉਹ ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿਚ ਤਾਂ ਹੀ ਕਦਮ ਰੱਖਣਗੇ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ’ਚ ਆਉਂਦੀ ਹੈ। ਰੋਡ ਸ਼ੋਅ 'ਚ ਲੋਕਾਂ ਨੂੰ ਆਪਣੇ ਸੰਕਲਪ ਦੀ ਯਾਦ ਦਿਵਾਉਂਦੇ ਹੋਏ ਨਾਇਡੂ ਨੇ ਕਿਹਾ ਕਿ ਜੇਕਰ ਉਹ ਸੱਤਾ 'ਚ ਵਾਪਸ ਨਹੀਂ ਆਏ ਤਾਂ ਅਗਲੀ ਚੋਣ ਉਨ੍ਹਾਂ ਦੀ ਆਖਰੀ ਹੋਵੇਗੀ। ਉਨ੍ਹਾਂ ਕਿਹਾ ਕਿ ਮੈਂ ਸਿਰਫ ਚੀਜ਼ਾਂ ਨੂੰ ਠੀਕ ਕਰਾਂਗਾ ਅਤੇ ਸੂਬੇ ਨੂੰ ਤਰੱਕੀ ਦੇ ਰਾਹ 'ਤੇ ਲਿਆਵਾਂਗਾ ਅਤੇ ਭਵਿੱਖ ਦੀ ਵਾਗਡੋਰ ਦੂਜਿਆਂ ਨੂੰ ਸੌਂਪਾਂਗਾ। 

ਤੇਦੇਪਾ ਦੇ ਮੁਖੀ ਨੇ ਕਿਹਾ, “ਇਹ ਹਰ ਘਰ ਵਿਚ ਬਹਿਸ ਦਾ ਵਿਸ਼ਾ ਬਣਨਾ ਚਾਹੀਦਾ ਹੈ। ਮੇਰੀ ਲੜਾਈ ਬੱਚਿਆਂ ਦੇ ਭਵਿੱਖ, ਸੂਬੇ ਦੇ ਭਵਿੱਖ ਲਈ ਹੈ। ਮੈਂ ਇਹ ਪਹਿਲਾਂ ਵੀ ਕੀਤਾ ਹੈ ਅਤੇ ਇਹ ਇਕ ਮਾਡਲ ਹੈ (ਇਸ ਨੂੰ ਸਾਬਤ ਕਰਨ ਲਈ) ਵੀ ਹੈ।’’ ਉਨ੍ਹਾਂ ਨੇ ਕਿਹਾ, 'ਇਸ ਬਾਰੇ ਸੋਚੋ, ਸਹੀ ਜਾਂ ਗਲਤ। ਜੇਕਰ ਤੁਹਾਨੂੰ ਮੇਰੀ ਗੱਲ ਸਹੀ ਲੱਗੇ ਤਾਂ ਮੇਰਾ ਸਾਥ ਦਿਓ। 


Tanu

Content Editor

Related News