ਜੇ ਪਾਕਿ ਕਰੇਗਾ ਹਮਾਸ ਵਰਗਾ ਹਮਲਾ ਤਾਂ ਭਾਰਤ ਕਿਵੇਂ ਨਜਿੱਠੇਗਾ?

Thursday, Oct 12, 2023 - 05:36 PM (IST)

ਨਵੀਂ ਦਿੱਲੀ, (ਇੰਟ.)- ਦੁਨੀਆ ਦੀ ਸਭ ਤੋਂ ਚੌਕਸ ਅਤੇ ਸਭ ਤੋਂ ਪੇਸ਼ੇਵਰ ਮੰਨੀ ਜਾਣ ਵਾਲੀ ਇਜ਼ਰਾਇਲੀ ਫੌਜ ਨੂੰ ਸਭ ਤੋਂ ਵੱਡਾ ਝਟਕਾ ਦੇ ਕੇ ਫਿਲਸਤੀਨੀ ਅੱਤਵਾਦੀ ਸੰਗਠਨ ਹਮਾਸ ਨੇ ਨਾ ਸਿਰਫ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਸਗੋਂ ਭਾਰਤ ਵਰਗੇ ਦੇਸ਼ਾਂ ਨੂੰ ਵੀ ਚਿੰਤਾ ’ਚ ਪਾ ਦਿੱਤਾ ਹੈ ਜਿਨ੍ਹਾਂ ’ਤੇ ਆਪਣੇ ਗੁਆਂਢੀ ਦੇਸ਼ਾਂ ਦੀ ਬੁਰੀ ਨਜ਼ਰ ਹਮੇਸ਼ਾ ਰਹਿੰਦੀ ਹੈ।

ਅਜਿਹੀ ਹਾਲਤ ’ਚ ਭਾਰਤੀ ਰੱਖਿਆ ਮਾਹਿਰ ਇਜ਼ਰਾਈਲ ’ਤੇ ਹਮਾਸ ਦੇ ਹਮਲਿਆਂ ਦਾ ਵਿਸਥਾਰ ਨਾਲ ਅਧਿਐਨ ਕਰ ਰਹੇ ਹਨ। ਭਾਰਤੀ ਰੱਖਿਆ ਮਾਹਿਰ ਹਮਾਸ ਵਲੋਂ ਇਜ਼ਰਾਈਲ ’ਤੇ ਹਮਲਾ ਕਰਨ ਲਈ ਵਰਤੀ ਗਈ ਟੂਲਕਿੱਟ ਦੀ ਜਾਂਚ ਕਰ ਰਹੇ ਹਨ । ਨਾਲ ਹੀ ਭਾਰਤ 'ਤੇ ਅਜਿਹੇ ਕਿਸੇ ਵੀ ਹਮਲੇ ਦੀ ਸੰਭਾਵਨਾ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ।

18 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਫੌਜੀ ਕਮਾਂਡਰਾਂ ਦੀ ਕਾਨਫਰੰਸ ਵਿੱਚ ਵੀ ਇਸ ਮੁੱਦੇ ’ਤੇ ਵਿਸਥਾਰ ਨਾਲ ਚਰਚਾ ਹੋਣ ਦੀ ਸੰਭਾਵਨਾ ਹੈ। ਫੌਜ ਸੰਭਾਵਿਤ ਖੁਫੀਆ ਗੈਪ ਦਾ ਵੀ ਅਧਿਐਨ ਕਰ ਸਕਦੀ ਹੈ, ਜਿਸ ਦਾ ਫਾਇਦਾ ਅੱਤਵਾਦੀ ਸੰਗਠਨ ਹਮਾਸ ਨੇ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਉਠਾਇਅਾ ਹੈ।

ਭਾਰਤੀ ਮਾਹਿਰ ਇਸ ਗੱਲ ’ਤੇ ਡੂੰਘਾਈ ਨਾਲ ਵਿਚਾਰ ਕਰਨਗੇ ਕਿ ਗੁਆਂਢੀ ਦੇਸ਼ ਤੋਂ ਇਸ ਤਰ੍ਹਾਂ ਦੇ ਹਮਲੇ ਦੀ ਸਥਿਤੀ ਵਿਚ ਭਾਰਤ ਕਿੰਨੀ ਤੇਜ਼ੀ ਨਾਲ ਜਵਾਬੀ ਕਾਰਵਾਈ ਕਰਨ ਦੀ ਸਥਿਤੀ ਵਿਚ ਹੈ। ਭਾਰਤੀ ਫ਼ੌਜ ਆਪਣੀਆਂ ਕਮੀਆਂ ਅਤੇ ਤਾਕਤ ਦੋਵਾਂ ’ਤੇ ਡੂੰਘਾਈ ਨਾਲ ਵਿਚਾਰ ਕਰੇਗੀ। ਨਾਲ ਹੀ ਨਵੇਂ ਬਾਹਰੀ ਖਤਰੇ ਨਾਲ ਨਜਿੱਠਣ ਲਈ ਠੋਸ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ।

ਵਰਣਨਯੋਗ ਹੈ ਕਿ ਹਮਾਸ ਦੇ ਹਮਲਿਆਂ ਨੂੰ ਅੱਤਵਾਦੀ ਸੰਗਠਨ ਇੰਨਾ ਪਸੰਦ ਕਰ ਰਹੇ ਹਨ ਕਿ ਉਹ ਇਸ ਦੇ ਮੁਰੀਦ ਬਣ ਗਏ ਹਨ। ਇਸ ਤੋਂ ਇੱਕ ਦਿਨ ਪਹਿਲਾਂ ਹੀ ਭਾਰਤ ਵਿਰੁੱਧ ਮੁਹਿੰਮ ਚਲਾ ਰਹੇ ‘ਸਿੱਖਸ ਫਾਰ ਜਸਟਿਸ’ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਖੁੱਲ੍ਹੇਆਮ ਧਮਕੀ ਦਿੱਤੀ ਸੀ ਕਿ ਉਹ ਭਾਰਤ ’ਤੇ ਹਮਾਸ ਵਰਗਾ ਹਮਲਾ ਕਰੇਗਾ। ਭਾਰਤੀ ਖੁਫੀਆ ਏਜੰਸੀਆਂ ਇਸ ਖਤਰੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ।

ਟੂਲਕਿੱਟ ਦਾ ਪੋਸਟ ਮਾਰਟਮ

1. ਹਮਾਸ ਦੇ ਅੱਤਵਾਦੀਆਂ ਨੇ ਆਪਣੀਆਂ ਸਰਗਰਮੀਆਂ ਨੂੰ ਉਨ੍ਹਾਂ ਖੁਫੀਆ ਏਜੰਸੀਆਂ ਤੋਂ ਲੁਕਾਉਣ ਦਾ ਪ੍ਰਬੰਧ ਕਿਵੇਂ ਕੀਤਾ, ਜਿਨ੍ਹਾਂ ਨੂੰ ਹੀ ਉਨ੍ਹਾਂ ਦਾ ਪਤਾ ਲਾਉਣ ਦਾ ਕੰਮ ਸੌਂਪਿਆ ਗਿਆ ਸੀ?

2. ਭਾਰੀ ਅਤੇ ਆਧੁਨਿਕ ਮਹਿੰਗੇ ਹਥਿਆਰਾਂ ਦੇ ਨਾਲ ਹੀ ਹਮਲੇ ਵਿੱਚ ਸਸਤੇ ਗਲਾਈਡਰ, ਮੋਟਰਬੋਟ ਅਤੇ ਚਾਕੂਆਂ ਦੀ ਵਰਤੋਂ ਕਰਨ ਦਾ ਫਾਇਦਾ?

3. ਹਮਲੇ ਦੇ ਸਮੇਂ ਦੀ ਚੋਣ, ਜਦੋਂ ਫੌਜੀਆਂ ਸਮੇਤ ਪੂਰਾ ਇਜ਼ਰਾਈਲ ਜਸ਼ਨ ਦੇ ਮੂਡ ਵਿੱਚ ਸੀ। ‘ਸਾਵਧਾਨੀ ਹਟੀ, ਦੁਰਘਟਨਾ ਘਟੀ’ ਵਾਲੀ ਕਹਾਵਤ ਨੂੰ ਭੁੱਲਣਾ ਮਹਿੰਗਾ ਸਾਬਤ ਹੋਇਆ।

4. ਆਮ ਫਿਲਸਤੀਨੀਆਂ ਲਈ ਇਜ਼ਰਾਈਲ ਵਿੱਚ ਦਾਖਲ ਹੋਣ ਦੇ ਬਹਾਨੇ ਸੁਰੱਖਿਆ ਪੁਆਇੰਟਾਂ ਦੀ ਰੇਕੀ ਰਾਹੀਂ ਕਮਜ਼ੋਰ ਪੁਆਇੰਟਾਂ ਰਾਹੀਂ ਘੁਸਪੈਠ ਦੀ ਸੰਭਾਵਨਾ।

ਇਜ਼ਰਾਈਲ ਦੀਆਂ 4 ਗਲਤੀਆਂ

ਸੁਰੱਖਿਆ ਮਾਹਿਰਾਂ ਅਨੁਸਾਰ ਉਨ੍ਹਾਂ ਦੇ ਸ਼ੁਰੂਆਤੀ ਮੁਲਾਂਕਣ ਦੇ ਆਧਾਰ ’ਤੇ ਹਮਾਸ ਹਮਲੇ ਦੀ ਸਫਲਤਾ ਇਜ਼ਰਾਈਲ ਦੀਆਂ ਖੁਫੀਆ ਏਜੰਸੀਆਂ ਅਤੇ ਫੌਜ ਦੀਆਂ ਸੁਰੱਖਿਆ ਅਸਫਲਤਾਵਾਂ ਕਾਰਨ ਹੈ।

1. ਖੁਫੀਆ ਅਧਿਕਾਰੀ ਫਿਲਸਤੀਨੀ ਹਮਲਾਵਰਾਂ ਵਲੋਂ ਵਰਤੇ ਗਏ ਸੰਚਾਰ ਚੈਨਲਾਂ ਦੀ ਨਿਗਰਾਨੀ ਕਰਨ ਵਿੱਚ ਅਸਫਲ ਰਹੇ।

2. ਇਜ਼ਰਾਈਲ ਦੀ ਸਰਹੱਦੀ ਨਿਗਰਾਨੀ ਉਪਕਰਣਾਂ ’ਤੇ ਭਾਰੀ ਨਿਰਭਰਤਾ, ਜਿਸ ਨੂੰ ਹਮਲਾਵਰਾਂ ਵਲੋਂ ਆਸਾਨੀ ਨਾਲ ਨਸ਼ਟ ਕਰ ਦਿੱਤਾ ਗਿਆ ਸੀ। ਇਸ ਨਾਲ ਹਮਲਾਵਰਾਂ ਨੂੰ ਫੌਜੀ ਟਿਕਾਣਿਆਂ ’ਤੇ ਹਮਲਾ ਕਰਨ ਅਤੇ ਸਿਪਾਹੀਆਂ ਨੂੰ ਸੁੱਤੇ ਸਮੇ ਮਾਰਨ ਦਾ ਮੌਕਾ ਮਿਲਿਆ।

3. ਇਕੋ ਬਾਰਡਰ ਬੇਸ ’ਤੇ ਕਮਾਂਡਰਾਂ ਦਾ ਇਕੱਠ ਜੋ ਘੁਸਪੈਠ ਦੇ ਸ਼ੁਰੂਆਤੀ ਪੜਾਅ ਵਿਚ ਖਿੰਡਰ ਗਿਆ। ਇਸ ਕਾਰਨ ਦੇਸ਼ ਵਿੱਚ ਮੌਜੂਦ ਹਥਿਆਰਬੰਦ ਫੋਰਸਾਂ ਵਿਚਾਲੇ ਸੰਚਾਰ ਸੰਪਰਕ ਵਿਗੜ ਗਿਆ।

4. ਗਾਜ਼ਾ ਦੇ ਫੌਜੀ ਨੇਤਾਵਾਂ ਵਿਚਕਾਰ ਨਿੱਜੀ ਚੈਨਲਾਂ ’ਤੇ ਹੋਈ ਗੱਲਬਾਤ ਨੂੰ ਇਜ਼ਰਾਈਲ ਦੀਆਂ ਸੁਰੱਖਿਆ ਏਜੰਸੀਆਂ ਨੇ ਵਿਆਪਕ ਤੌਰ ’ਤੇ ਮੰਨ ਲਿਆ , ਜਿਸ ਵਿੱਚ ਫਿਲਸਤੀਨੀ ਫੌਜੀ ਨੇਤਾਵਾਂ ਨੇ ਆਪਸ ਵਿੱਚ ਕਿਹਾ ਕਿ ਫਿਲਸਤੀਨੀ ਜਾਣਦੇ ਹਨ ਕਿ ਇਜ਼ਰਾਈਲ ਉਨ੍ਹਾਂ ’ਤੇ ਨਜ਼ਰ ਰੱਖ ਰਿਹਾ ਹੈ, ਇਸ ਲਈ ਉਹ ਕਿਸੇ ਵੀ ਜੰਗ ਦੀ ਤਿਆਰੀ ਨਹੀਂ ਕਰ ਰਹੇ।


Rakesh

Content Editor

Related News