PM ਮੋਦੀ ਕੋਰੋਨਾ ਨੂੰ ਰੋਕ ਸਕਦੇ ਹਨ ਤਾਂ ਮਹਿੰਗਾਈ ’ਤੇ ਵੀ ਲਗਾਮ ਲਗਾਉਣਗੇ : ਜੈਰਾਮ ਠਾਕੁਰ
Tuesday, Oct 26, 2021 - 05:40 PM (IST)

ਕੁੱਲੂ/ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਨੂੰ ਰੋਕ ਸਕਦੇ ਹਨ ਤਾਂ ਮਹਿੰਗਾਈ ’ਤੇ ਵੀ ਰੋਕ ਲਗਾਉਣਗੇ। ਠਾਕੁਰ ਨੇ ਇੱਥੇ ਮੰਡੀ ਸੰਸਦੀ ਸੀਟ ’ਤੇ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਬ੍ਰਿਗੇਡੀਅਰ ਖੁਸ਼ਾਲ ਠਾਕੁਰ ਦੇ ਪ੍ਰਚਾਰ ਨੂੰ ਲੈ ਕੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚੋਣਾਂ ਦਾ ਸਮਾਂ ਹੈ, ਕਾਂਗਰਸ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ। ਗੱਲਾਂ ਕਰਨ ’ਚ ਕੋਈ ਹਰਜ਼ ਨਹੀਂ ਹੈ ਪਰ ਉਸ ’ਚ ਸੱਚ ਅਤੇ ਤਰਕ ਹੋਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਮਹਿੰਗਾਈ ਚਿੰਤਾ ਦਾ ਵਿਸ਼ਾ ਹੈ। ਮਹਿੰਗਾਈ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਨੂੰ ਇਹ ਵੀ ਦੇਖਣਾ ਹੋਵੇਗਾ ਕਿ ਕੋਰੋਨਾ ਕਾਰਨ ਪੂਰੀ ਦੁਨੀਆ ਦੀ ਅਰਥਵਿਵਸਥਾ ਗੜਬੜਾ ਗਈ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਲੱਖਾਂ ਕਰੋੜਾਂ ਰੁਪਏ ਖਰਚ ਕਰ ਕੇ ਕੋਰੋਨਾ ਵੈਕਸੀਨ ਜਨਤਾ ਨੂੰ ਮੁਫ਼ਤ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਨੂੰ ਰੋਕ ਸਕਦੇ ਹਨ ਤਾਂ ਮਹਿੰਗਾਈ ’ਤੇ ਵੀ ਜਲਦ ਲਗਾਮ ਲਗਾਉਣਗੇ। ਠਾਕੁਰ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਦੇਸ਼ 2 ਸਾਲਾਂ ਤੋਂ ਕੋਰੋਨਾ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੋਰੋਨਾ ਕਾਲ ’ਚ ਵੀ ਵਿਕਾਸ ਦੀ ਗਤੀ ਰੁਕਣ ਨਹੀਂ ਦਿੱਤੀ। ਵਰਚੁਅਲ ਮਾਧਿਅਮ ਨਾਲ ਕਰੋੜਾਂ ਦੇ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ।
ਇਹ ਵੀ ਪੜ੍ਹੋ : ਕਿਸਾਨ ਮੋਰਚੇ ਨੇ ਰਾਸ਼ਟਰਪਤੀ ਨੂੰ ਲਿਖੀ ਚਿੱਠੀ, ਲਖੀਮਪੁਰ ਖੀਰੀ ਮਾਮਲੇ 'ਚ ਕੀਤੀ ਇਹ ਮੰਗ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ