2022 ਤੋਂ ਪਹਿਲਾਂ ਭਰੂਣ ‘ਫ੍ਰੀਜ਼’, ਤਾਂ ਸਰੋਗੇਸੀ ਕਾਨੂੰਨ ਤੋਂ ਮਿਲੇਗੀ ਛੋਟ
Thursday, Oct 09, 2025 - 09:24 PM (IST)

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ 2021 ਦੇ ਸਰੋਗੇਸੀ ਐਕਟ ਅਧੀਨ ਉਮਰ ਦੀ ਹੱਦ ਉਨ੍ਹਾਂ ਚਾਹਵਾਨ ਜੋੜਿਆਂ ’ਤੇ ਲਾਗੂ ਨਹੀਂ ਹੋਵੇਗੀ, ਜਿਨ੍ਹਾਂ ਨੇ 25 ਜਨਵਰੀ, 2022 ਨੂੰ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਭਰੂਣ ‘ਫ੍ਰੀਜ਼’ ਕਰਨ ਵਰਗੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਐਕਟ ’ਚ ਚਾਹਵਾਨ ਜੋੜਿਆਂ ਤੇ ਸਰੋਗੇਟ (ਕਿਰਾਏ ਦੀ ਕੁੱਖ ਦੇਣ ਵਾਲੀਆਂ) ਮਾਵਾਂ ਲਈ ਉਮਰ ਦੀ ਹੱਦ ਨਿਰਧਾਰਤ ਕੀਤੀ ਗਈ ਹੈ।
ਕਾਨੂੰਨ ਮੁਤਾਬਕ, ਪ੍ਰਮਾਣੀਕਰਣ ਦੇ ਦਿਨ ਸੰਭਾਵੀ ਮਾਂ ਦੀ ਉਮਰ 23 ਤੋਂ 50 ਸਾਲ ਅਤੇ ਸੰਭਾਵੀ ਪਿਤਾ ਦੀ ਉਮਰ 26 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਜਸਟਿਸ ਬੀ. ਵੀ. ਨਾਗਰਤਨਾ ਅਤੇ ਜਸਟਿਸ ਕੇ. ਵੀ. ਵਿਸ਼ਵਨਾਥਨ ਦੀ ਬੈਂਚ ਨੇ 3 ਜੋੜਿਆਂ ਵੱਲੋਂ ਦਾਇਰ ਪਟੀਸ਼ਨਾਂ ’ਤੇ ਇਹ ਫੈਸਲਾ ਸੁਣਾਇਆ। ਬੈਂਚ ਨੇ ਕਿਹਾ ਕਿ 25 ਜਨਵਰੀ, 2022 ਤੋਂ ਪਹਿਲਾਂ ਸਰੋਗੇਸੀ ਦਾ ਲਾਭ ਲੈਣ ਦੇ ਚਾਹਵਾਨ ਜੋੜਿਆਂ ’ਤੇ ਉਮਰ ਪਾਬੰਦੀਆਂ ਸਬੰਧੀ ਕੋਈ ਕਾਨੂੰਨ ਨਹੀਂ ਸੀ।
ਬੈਂਚ ਨੇ ਸਪੱਸ਼ਟ ਕੀਤਾ ਕਿ ਅਦਾਲਤ ਕਾਨੂੰਨ ਦੇ ਤਹਿਤ ਉਮਰ ਦੀ ਹੱਦ ਨਿਰਧਾਰਤ ਕਰਨ ਜਾਂ ਇਸਦੀ ਜਾਇਜ਼ਤਾ ’ਤੇ ਫੈਸਲਾ ਦੇਣ ਵਿਚ ਸੰਸਦ ਦੇ ਵਿਵੇਕ ’ਤੇ ਸਵਾਲ ਨਹੀਂ ਉਠਾ ਰਹੀ ਹੈ। ਬੈਂਚ ਨੇ ਕਿਹਾ ਕਿ ਸਾਡੇ ਸਾਹਮਣੇ ਮਾਮਲੇ ਉਨ੍ਹਾਂ ਜੋੜਿਆਂ ਤੱਕ ਸੀਮਤ ਹਨ ਜਿਨ੍ਹਾਂ ਨੇ ਐਕਟ ਲਾਗੂ ਹੋਣ ਤੋਂ ਪਹਿਲਾਂ ਸਰੋਗੇਸੀ ਪ੍ਰਕਿਰਿਆ ਸ਼ੁਰੂ ਕੀਤੀ ਸੀ।