ਛੜਿਆਂ ਨੇ ਕਰਵਾਇਆ ਵਿਆਹ ਤਾਂ ਪੈਨਸ਼ਨ ਦੀ ਵਿਆਜ ਸਮੇਤ ਵਸੂਲੀ ਕਰੇਗੀ ਸਰਕਾਰ
Friday, Jul 21, 2023 - 03:26 PM (IST)
ਹਰਿਆਣਾ (ਵਾਰਤਾ)- ਹਰਿਆਣਾ ਸਰਕਾਰ ਦੀ ਕੁਆਰਿਆਂ ਲਈ ਸ਼ੁਰੂ ਕੀਤੀ ਗਈ 2750 ਰੁਪਏ ਦੀ ਮਹੀਨਾਵਾਰ ਪੈਨਸ਼ਨ 'ਚ ਹੁਣ ਇਹ ਸ਼ਰਤ ਵੀ ਜੋੜ ਦਿੱਤੀ ਗਈ ਕਿ ਜੇਕਰ ਉਨ੍ਹਾਂ ਨੇ ਵਿਆਹ ਕੀਤਾ ਅਤੇ ਫਿਰ ਵੀ ਪੈਨਸ਼ਨ ਲੈਂਦੇ ਰਹੇ ਤਾਂ ਉਸ ਰਾਸ਼ੀ ਦੀ 12 ਫੀਸਦੀ ਨਾਲ ਵਸੂਲੀ ਕੀਤੀ ਜਾਵੇਗੀ। ਰਾਜ ਸਰਕਾਰ ਨੇ ਇਸ ਸੰਬੰਧ 'ਚ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਹੈ, ਜਿਸ 'ਚ ਇਹ ਸਪੱਸ਼ਟ ਹੈ ਕਿ ਪੈਨਸ਼ਨ ਲੈਣ ਤੋਂ ਬਾਅਦ ਜੇਕਰ ਕੋਈ ਛੜਾ ਵਿਆਹ ਕਰਦਾ ਹੈ ਤਾਂ ਇਸ ਦੀ ਉਸ ਨੂੰ ਵਿਭਾਗ ਨੂੰ ਜਾਣਕਾਰੀ ਦੇਣੀ ਹੋਵੇਗੀ। ਜੇਕਰ ਉਹ ਇਹ ਜਾਣਕਾਰੀ ਨਹੀਂ ਦਿੰਦਾ ਹੈ ਅਤੇ ਪੈਨਸ਼ਨ ਲੈਂਦਾ ਰਹਿੰਦਾ ਹੈ ਤਾਂ ਅਜਿਹੇ 'ਚ ਸਖ਼ਤ ਕਾਰਵਾਈ ਦਾ ਪ੍ਰਬੰਧ ਕੀਤਾ ਗਿਆ ਹੈ। ਵਿਆਹ ਤੋਂ ਬਾਅਦ ਲਈ ਗਈ, ਕਿਸੇ ਵੀ ਰਾਸ਼ੀ ਦਾ 12 ਫੀਸਦੀ ਵਿਆਜ ਨਾਲ ਵਸੂਲੀ ਕੀਤੀ ਜਾਵੇਗੀ। ਨੋਟੀਫਿਕੇਸ਼ਨ 'ਚ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਤਲਾਕਸ਼ੁਦਾ ਅਤੇ ਸਹਿਮਤੀ ਸੰਬੰਧ (ਲਿਵ-ਇਨ ਰਿਲੇਸ਼ਨਸ਼ਿਪ) 'ਚ ਰਹਿ ਰਹੇ ਲੋਕਾਂ ਨੂੰ ਇਸ ਪੈਨਸ਼ਨ ਦਾ ਲਾਭ ਨਹੀਂ ਮਿਲੇਗਾ। ਜੇਕਰ ਅਜਿਹਾ ਕੋਈ ਵੀ ਵਿਅਕਤੀ ਇਸ ਤਰ੍ਹਾਂ ਦੀ ਪੈਨਸ਼ਨ ਲੈ ਰਿਹਾ ਹੈ ਤਾਂ ਉਹ ਅਯੋਗ ਮੰਨਿਆ ਜਾਵੇਗਾ। ਸਰਕਾਰ ਨੇ ਇਸ ਪੈਨਸ਼ਨ 'ਚ ਪੂਰੀ ਪਾਰਦਰਸ਼ਤਾ ਰੱਖਣ ਲਈ ਇਸ ਠੋਸ ਨਿਯਮ ਬਣਾਏ ਹਨ। ਨੋਟੀਫਿਕੇਸ਼ਨ ਅਨੁਸਾਰ ਹਰ ਮਹੀਨੇ ਦੀ 10 ਤਾਰੀਖ਼ ਤੱਕ ਪਰਿਵਾਰ ਪਛਾਣ ਪੱਤਰ ਅਥਾਰਟੀ ਪੈਨਸ਼ਨ ਦੇ ਯੋਗ ਲੋਕਾਂ ਦੀ ਸੂਚਨਾ ਸਮਾਜਿਕ ਨਿਆਂ ਵਿਭਾਗ ਨੂੰ ਉਪਲੱਬਧ ਕਰਵਾਏਗਾ। ਮਹੀਨੇ ਦੇ ਅੰਤ ਤੱਕ ਵਿਭਾਗ ਸਾਰੇ ਤੱਤਾਂ ਦੀ ਜਾਂਚ ਕਰ ਕੇ ਅਗਲੇ ਮਹੀਨੇ ਦੀ 7 ਤਾਰੀਖ਼ ਤੱਕ ਲਾਭਪਾਤਰੀਆਂ ਦਾ ਪੈਨਸ਼ਨ ਪਛਾਣ ਪੱਤਰ ਬਣਾਏਗਾ ਅਤੇ ਇਸ ਤੋਂ ਬਾਅਦ ਸੰਬੰਧਤ ਵਿਅਕਤੀ ਨਾਲ ਸੰਪਰਕ ਕਰ ਕੇ ਉਸ ਤੋਂ ਪੈਨਸ਼ਨ ਲੈਣ ਦੀ ਸਹਿਮਤੀ ਲਵੇਗਾ। ਸਹਿਮਤੀ ਮਿਲਣ 'ਤੇ ਹਰ ਮਹੀਨੇ ਪੈਨਸ਼ਨ ਸੰਬੰਧਤ ਵਿਅਕਤੀ ਦੇ ਖਾਤੇ 'ਚ ਪਹੁੰਚੇਗੀ। ਇਹ ਯੋਜਨਾ ਇਕ ਜੁਲਾਈ ਤੋਂ ਪ੍ਰਭਾਵੀ ਹੋਈ ਹੈ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਰੀਬ 2 ਹਫ਼ਤੇ ਪਹਿਲਾਂ ਕੁਆਰਿਆਂ ਲਈ 2750 ਪ੍ਰਤੀ ਮਹੀਨੇ ਪੈਨਸ਼ਨ ਦਾ ਐਲਾਨ ਕੀਤਾ ਸੀ। ਸਰਕਾਰ ਕੋਲ ਉਪਲੱਬਧ ਅੰਕੜਿਆਂ ਅਨੁਸਾਰ ਸੂਬੇ 'ਚ ਅਜਿਹੇ ਲੋਕਾਂ ਦੀ ਗਿਣਤੀ 71 ਹਜ਼ਾਰ ਹੈ। ਇਨ੍ਹਾਂ ਲੋਕਾਂ ਨੂੰ ਵੀ ਪੈਨਸ਼ਨ ਦੇ ਦਾਇਰੇ 'ਚ ਲਿਆਉਣ ਨਾਲ ਸਰਕਾਰ ਨੂੰ ਹਰ ਮਹੀਨੇ ਲਗਭਗ 20 ਕਰੋੜ ਰੁਪਏ ਵਾਧੂ ਖਰਚ ਕਰਨੇ ਹੋਣਗੇ ਅਤੇ ਇਸ ਤੋਂ ਸਰਕਾਰੀ ਖਜ਼ਾਨੇ 'ਤੇ ਹਰ ਸਾਲ ਲਗਭਗ 240 ਕਰੋੜ ਰੁਪਏ ਦਾ ਵਾਧੂ ਖਰਚ ਵਧੇਗਾ। ਪੈਨਸ਼ਨ ਯੋਜਨਾ 'ਚ ਛੜਿਆਂ ਲਈ ਉਮਰ 40 ਸਾਲ ਤੈਅ ਕੀਤੀ ਗਈ ਹੈ। ਸਿਰਫ਼ 3 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲੇ ਅਜਿਹੇ ਵਿਅਕਤੀ ਹੀ ਇਸ ਪੈਨਸ਼ਨ ਦੇ ਯੋਗ ਹੋਣਗੇ। ਰਾਜ 'ਚ ਘੱਟੋ-ਘੱਟ ਇਕ ਸਾਲ ਤੋਂ ਰਹਿ ਰਹੇ ਵਿਅਕਤੀ ਨੂੰ ਹੀ ਇਸ ਪੈਨਸ਼ਨ ਯੋਜਨਾ ਦਾ ਲਾਭ ਮਿਲੇਗਾ। ਜਦੋਂ ਕਿ ਕੁਆਰਿਆਂ 'ਚ ਇਹ ਪੈਨਸ਼ਨ ਲਗਭਗ 45-60 ਉਮਰ ਵਰਗ ਦੇ ਲੋਕਾਂ ਨੂੰ ਹੀ ਮਿਲੇਗੀ। 60 ਸਾਲ ਦੀ ਉਮਰ ਹੋਣ ਤੱਕ ਇਹ ਪੈਨਸ਼ਨ ਬੁਢਾਪਾ ਸਨਮਾਨ ਪੈਨਸ਼ਨ 'ਚ ਬਦਲ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8