‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਵਕਫ ਕਾਨੂੰਨ ਕੂੜੇਦਾਨ ’ਚ ਸੁੱਟ ਦੇਵਾਂਗੇ : ਤੇਜਸਵੀ

Monday, Oct 27, 2025 - 01:46 PM (IST)

‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਵਕਫ ਕਾਨੂੰਨ ਕੂੜੇਦਾਨ ’ਚ ਸੁੱਟ ਦੇਵਾਂਗੇ : ਤੇਜਸਵੀ

ਨੈਸ਼ਨਲ ਡੈਸਕ : ਬਿਹਾਰ ਵਿਧਾਨ ਸਭਾ ਚੋਣਾਂ ਲਈ ਵਿਰੋਧੀ ‘ਇੰਡੀਆ’ ਗੱਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਨੇ ਵਕਫ (ਸੋਧ) ਕਾਨੂੰਨ ਨੂੰ ਲੈ ਕੇ ਐਤਵਾਰ ਨੂੰ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਗੱਠਜੋੜ ਦੇ ਸੱਤਾ ’ਚ ਆਉਣ ’ਤੇ ਇਸ ਕਾਨੂੰਨ ਨੂੰ ਕੂੜੇਦਾਨ ’ਚ ਸੁੱਟ ਦਿੱਤਾ ਜਾਵੇਗਾ।
ਰਾਜਦ ਦੇ ਨੇਤਾ ਨੇ ਮੁਸਲਮਾਨ ਬਹੁਤਾਤ ਵਾਲੇ ਕਟਿਹਾਰ ਜ਼ਿਲੇ ’ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਦੋਸ਼ ਲਾਇਆ ਕਿ ਉਨ੍ਹਾਂ ਦੇ ਪਿਤਾ ਅਤੇ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਨੇ ਕਦੇ ਫਿਰਕੂ ਤਾਕਤਾਂ ਨਾਲ ਸਮਝੌਤਾ ਨਹੀਂ ਕੀਤਾ ਪਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਹਮੇਸ਼ਾ ਅਜਿਹੀਆਂ ਤਾਕਤਾਂ ਦਾ ਸਾਥ ਦਿੱਤਾ ਹੈ, ਜਿਸ ਕਾਰਨ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਅਤੇ ਉਸ ਦੇ ਸਹਿਯੋਗੀ ਸੰਗਠਨ ਸੂਬੇ ਅਤੇ ਦੇਸ਼ ’ਚ ਨਫਰਤ ਫੈਲਾਅ ਰਹੇ ਹਨ।

ਤੇਜਸਵੀ ਨੇ ਭਾਜਪਾ ਨੂੰ ‘ਭਾਰਤ ਜਲਾਓ ਪਾਰਟੀ’ ਕਰਾਰ ਦਿੰਦੇ ਹੋਏ ਕਿਹਾ ਕਿ ਭਾਜਪਾ ਸੱਤਾ ’ਚ ਆਈ ਤਾਂ ਫਿਰਕੂ ਏਜੰਡਾ ਤੇਜ਼ ਹੋਵੇਗਾ। ਜ਼ਿਕਰਯੋਗ ਹੈ ਕਿ ਵਕਫ (ਸੋਧ) ਕਾਨੂੰਨ ਅਪ੍ਰੈਲ ’ਚ ਸੰਸਦ ਵੱਲੋਂ ਪਾਸ ਹੋਇਆ ਸੀ। ਸੱਤਾ ਧਿਰ ਨੇ ਇਸ ਨੂੰ ਪੱਛੜੇ ਮੁਸਲਮਾਨਾਂ ਅਤੇ ਭਾਈਚਾਰੇ ਦੀਆਂ ਔਰਤਾਂ ਲਈ ਪਾਰਦਰਸ਼ਿਤਾ ਅਤੇ ਸਸ਼ਕਤੀਕਰਨ ਦਾ ਮਾਧਿਅਮ ਦੱਸਿਆ ਹੈ, ਜਦੋਂ ਕਿ ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਹ ਮੁਸਲਮਾਨਾਂ ਦੇ ਅਧਿਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ। ਤੇਜਸਵੀ ਯਾਦਵ ਨੇ ਦੋਸ਼ ਲਾਇਆ ਕਿ ਸੂਬੇ ਦੀ 20 ਸਾਲ ਪੁਰਾਣੀ ਸਰਕਾਰ ਤੋਂ ਲੋਕ ਅੱਕ ਚੁੱਕੇ ਹਨ ਅਤੇ ‘ਮੁੱਖ ਮੰਤਰੀ ਆਪਣੇ ਹੋਸ਼ ’ਚ ਨਹੀਂ ਹਨ।’
 


author

Shubam Kumar

Content Editor

Related News