ਫਗਵਾੜਾ ’ਚ ਕਾਨੂੰਨ ਵਿਵਸਥਾ ਦਾ ਹੈ ਬਹੁਤ ਮੰਦਾ ਹਾਲ : ਵਿਧਾਇਕ ਧਾਲੀਵਾਲ
Monday, Jan 12, 2026 - 11:54 PM (IST)
ਫਗਵਾੜਾ, (ਜਲੋਟਾ)– ਕਾਂਗਰਸੀ ਵਿਧਾਇਕ ਅਤੇ ਜ਼ਿਲਾ ਕਪੂਰਥਲਾ ਕਾਂਗਰਸ ਕਮੇਟੀ ਨੇ ਪ੍ਰਧਾਨ ਸਰਦਾਰ ਬਲਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਫਗਵਾੜਾ ’ਚ ਕਾਨੂੰਨ ਵਿਵਸਥਾ ਦਾ ਬਹੁਤ ਮੰਦਾ ਹਾਲ ਹੋ ਚੁੱਕਿਆ ਹੈ। ਅੱਜ ‘ਜਗ ਬਾਣੀ’ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਹਕੀਕਤ ਤਾਂ ਇਹ ਹੈ ਕਿ ਫਗਵਾੜਾ ਹੁਣ ਪੂਰੀ ਤਰ੍ਹਾਂ ਦੇ ਨਾਲ ਗੈਂਗਲੈਂਡ ਬਣ ਚੁੱਕਿਆ ਹੈ ਅਤੇ ਇੱਥੇ ਆਏ ਦਿਨ ਇਕ ਤੋਂ ਬਾਅਦ ਇਕ ਕਰਕੇ ਗੈਂਗਸਟਰਾਂ ਅਤੇ ਗੁੰਡਿਆਂ ਵੱਲੋਂ ਗੋਲੀਕਾਂਡ ਅੰਜਾਮ ਦਿੱਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਚੁੱਪੀ ਵੱਟ ਕੇ ਹੱਥ ਤੇ ਹੱਥ ਭਰ ਕੇ ਬੈਠੀ ਹੋਈ ਹੈ।
ਸਰਦਾਰ ਧਾਲੀਵਾਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਇੱਕ ਪਾਸੇ ਤਾਂ ਫਗਵਾੜਾ ’ਚ ਇਨੇ ਮਾੜੇ ਹਾਲਾਤ ਹਨ ਅਤੇ ਦੂਜੇ ਪਾਸੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਆਪ ਦੇ ਸੀਨੀਅਰ ਨੇਤਾ ਮੰਤਰੀ ਸਮੇਤ ਵੱਡੇ ਆਗੂ ਲਗਾਤਾਰ ਫਗਵਾੜਾ ਆ ਕੇ ਹੀ ਸੂਬੇ ’ਚ ਸਭ ਕੁਝ ਚੰਗਾ ਹੋਣ ਦੇ ਕਦੀ ਨਾ ਮੁੱਕਣ ਵਾਲੇ ਦਾਅਵੇ ਕਰੀ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਅੱਜ ਫਗਵਾੜਾ ’ਚ ਸ਼ਹਿਰ ਦੇ ਮਸ਼ਹੂਰ ਮਿਠਾਈ ਵਿਕਰੇਤਾ ਐੱਸ. ਸੁਧੀਰ ਸਵੀਟਸ ’ਤੇ ਹੋਈ ਅੰਨੇਵਾਹ ਫਾਇਰਿੰਗ ਦੀ ਟਾਈਮਿੰਗ ਵੀ ਤਦ ਰਹੀ ਹੈ, ਜਦੋਂ ਖੁਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਫਗਵਾੜਾ ਹੀ ਆਣਾ ਸੀ। ਉਨ੍ਹਾਂ ਹੈਰਾਨੀ ਜਤਾਉਂਦੇ ਹੋਏ ਕਿਹਾ ਕਿ ਸਰਕਾਰੀ ਹੁਕਮਾਂ ਦੇ ਅਨੁਸਾਰ ਜਦ ਵੀ ਕਿਸੇ ਵੱਡੇ ਰਾਜਨੇਤਾ ਜਾਂ ਮੁੱਖ ਮੰਤਰੀ ਨੂੰ ਕਿਸੇ ਥਾਂ ਤੇ ਜਾਣਾ ਹੁੰਦਾ ਹੈ ਤਾਂ ਕਾਨੂੰਨ ਦੇ ਤਹਿਤ ਤੈਅ ਸੁਰਕਸ਼ਾ ਪ੍ਰੋਟੋਕਾਲ ਦੇ ਤਹਿਤ ਉਸ ਥਾਂ ਅਤੇ ਆਸ ਪਾਸ ਦੇ ਸਾਰੇ ਇਲਾਕਿਆਂ ਦੀ ਸੁਰੱਖਿਆ ਨੂੰ ਮਲਟੀ ਲੇਅਰ ਸਿਕਿਉਰਟੀ ਦੇ ਤਹਿਤ ਪੂਰਾ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਉਹ ਖੁਦ ਕਮਿਸ਼ਨਰ ਦੇ ਅਹੁਦੇ ’ਤੇ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਸਾਰੀ ਹਕੀਕਤ ਦਾ ਪਤਾ ਹੈ ਪਰ ਹੱਦ ਤਾਂ ਇਸ ਗੱਲ ਦੀ ਹੋਈ ਹੈ ਕਿ ਮੁੱਖ ਮੰਤਰੀ ਦੇ ਫਗਵਾੜੇ ਦੌਰੇ ਤੋਂ ਹੀ ਠੀਕ ਪਹਿਲਾਂ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਹਮਲਾਵਰਾਂ ਨੇ ਫਗਵਾੜਾ ਨੂੰ ਹੀ ਨਿਸ਼ਾਨਾ ਬਣਾ ਇਕ ਹੋਰ ਵੱਡੇ ਗੋਲੀਕਾਂਡ ਨੂੰ ਬੇਖੌਫ ਅਤੇ ਬੁਲੰਦ ਹੌਸਲਿਆਂ ਦੇ ਨਾਲ ਅੰਜਾਮ ਦਿੰਦੇ ਹੋਏ ਪੰਜਾਬ ਸਰਕਾਰ ਨੂੰ ਮੰਨੋ ਇਹ ਸੁਨੇਹਾ ਦੇ ਦਿੱਤਾ ਹੈ ਕਿ ਸੂਬੇ ’ਚ ਸਰਕਾਰ ਦਾ ਨਹੀਂ ਹਕੀਕਤ ਗੈਂਗਸਟਰਾਂ ਅਤੇ ਗੁੰਡਿਆਂ ਦਾ ਰਾਜ ਹੈ।
ਵਿਧਾਇਕ ਧਾਲੀਵਾਲ ਨੇ ਕਿਹਾ ਕਿ ਫਗਵਾੜਾ ਦੇ ਬਣੇ ਹੋਏ ਬੇਹਦ ਗੰਭੀਰ ਹਾਲਾਤਾਂ ਦਾ ਮੁੱਦਾ ਉਹ ਪੰਜਾਬ ਵਿਧਾਨ ਸਭਾ ’ਚ ਬਤੌਰ ਵਿਧਾਇਕ ਰੱਖਣਗੇ ਅਤੇ ਫਗਵਾੜਾ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਹ ਸਭ ਪੂਰਾ ਕਰਨਗੇ, ਜੋ ਸਮੇਂ ਦੀ ਮੰਗ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਹ ਲਗਾਤਾਰ ਮੀਡੀਆ ਦੇ ਰਾਹੀਂ ਇਹ ਤੱਤ ਪਬਲਿਕ ਡੋਮੇਨ ’ਚ ਰੱਖਦੇ ਰਹੇ ਹਨ ਕਿ ਫਗਵਾੜਾ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਪਾਸੇ ਸਮੇਂ ਰਹਿੰਦੇ ਧਿਆਨ ਦੇਣਾ ਚਾਹੀਦਾ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਇੱਥੇ ਆਏ ਦਿਨ ਗੋਲੀਆਂ ਚੱਲਣ ਤੋਂ ਬਾਅਦ ਵੀ ਸਰਕਾਰ ਸੁੱਤੀ ਪਈ ਅਤੇ ਫਗਵਾੜਾ ’ਚ ਗੋਲੀਆਂ ਚੱਲਣਾ ਆਮ ਵਰਗੀ ਗੱਲ ਹੋ ਗਈ। ਨਾ ਤਾਂ ਗੁੰਡਾ ਅਨਸਰਾਂ ਅਤੇ ਗੈਂਗਸਟਰਾਂ ਦੇ ਦਿਲਾਂ ’ਚ ਹੁਣ ਪੁਲਸ ਅਤੇ ਪ੍ਰਸ਼ਾਸਨ ਦਾ ਕੋਈ ਡਰ ਬਾਕੀ ਬਚਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਸਰਕਾਰ ਦੀ ਕੋਈ ਪ੍ਰਵਾਹ ਹੈ।
ਵਿਧਾਇਕ ਧਾਲੀਵਾਲ ਨੇ ਕਿਹਾ ਕਿ ਜੇਕਰ ‘ਆਪ’ ਆਗੂਆਂ ਤੋਂ ਪੰਜਾਬ ਖਾਸ ਕਰ ਫਗਵਾੜਾ ਦੇ ਹਾਲਾਤ ਨਹੀਂ ਸੰਭਾਲੇ ਜਾ ਰਹੇ ਹਨ ਤਾਂ ਚੰਗਾ ਹੋਵੇਗਾ ਕੀ ਪੰਜਾਬ ਸਰਕਾਰ ਲੋਕ ਹਿੱਤ ’ਚ ਇਸਦੀ ਸੱਚਾਈ ਲੋਕਾਂ ਨੂੰ ਦੱਸੇ ਤਾਂ ਜੋ ਜਨਤਾ ਆਪਣੀ ਸੁਰੱਖਿਆ ਲਈ ਖੁਦ ਕੋਈ ਪ੍ਰਬੰਧ ਕਰ ਲਵੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਾਣਾ ਅਤੇ ਕਾਂਗਰਸ ਪਾਰਟੀ ਦਾ ਆਣਾ ਹੁਣ ਪੱਥਰ ਦੀ ਲਕੀਰ ਹੈ ਕਿਉਂਕਿ ਆਮ ਜਨਤਾ ‘ਆਪ’ ਸਰਕਾਰ ਦੇ ਲਾਰਿਆਂ ਅਤੇ ਮਾੜੇ ਸੁਰੱਖਿਆ ਪ੍ਰਬੰਧਾਂ ਤੋਂ ਪਰੇਸ਼ਾਨ ਹੋ ਚੁੱਕੀ ਹੈ।
