ਪਾਕਿਸਤਾਨ ਵੱਲੋਂ ਡ੍ਰੋਨ ਰਾਹੀਂ ਸੁੱਟਿਆ ਗਿਆ IED ਬਰਾਮਦ
Friday, Feb 23, 2024 - 11:20 AM (IST)
ਹੀਰਾਨਗਰ (ਲੋਕੇਸ਼)-ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ਦੇ ਹੀਰਾਨਗਰ ਸੈਕਟਰ ਦੇ ਮਨਿਆਰੀ ’ਚ ਵੀਰਵਾਰ ਨੂੰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਕੌਮਾਂਤਰੀ ਸਰਹੱਦ ਕੋਲ ਪਾਕਿਸਤਾਨ ਵੱਲੋਂ ਡ੍ਰੋਨ ਰਾਹੀਂ ਸੁੱਟਿਆ ਗਿਆ ਆਈ. ਈ. ਡੀ. (ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ) ਬਰਾਮਦ ਕੀਤਾ ਹੈ। ਬੀ. ਐੱਸ. ਐੱਫ. ਦੇ ਪੀ. ਆਰ. ਓ. ਨੇ ਦੱਸਿਆ ਕਿ ਵੀਰਵਾਰ ਅੱਧੀ ਰਾਤ ਲਗਭਗ 12.45 ਵਜੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਕਠੂਆ ਦੇ ਹੀਰਾਨਗਰ ਖੇਤਰ ਦੇ ਮਨਿਆਰੀ ਪਿੰਡ ਦੇ ਡੂੰਘੇ ਖੇਤਰ ’ਚ ਡ੍ਰੋਨ ਗਤੀਵਿਧੀ ਦੇਖੀ। ਇਸ ਤੋਂ ਬਾਅਦ ਡ੍ਰੋਨ ਹਮਲਾ ਕੀਤਾ ਗਿਆ ਅਤੇ ਇਲਾਕੇ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਡ੍ਰੋਨ ਰਾਹੀਂ ਸੁੱਟੀ ਗਈ ਆਈ. ਈ. ਡੀ. ਬਰਾਮਦ ਹੋਇਆ।
ਦੱਸਣਯੋਗ ਹੈ ਕਿ ਆਈ. ਈ. ਡੀ. ਹੀਰਾਨਗਰ ਸੈਕਟਰ ਦੀ ਕੌਮਾਂਤਰੀ ਸਰਹੱਦ ’ਤੇ ਜ਼ੀਰੋ ਲਾਈਨ ਦੇ ਕੋਲ ਮਨਿਆਰੀ ਪੋਸਟ ਖੇਤਰ ’ਚ ਬਰਾਮਦ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵੱਲੋਂ ਅਜਿਹੀਆਂ ਹਰਕਤਾਂ ਕੀਤੀਆਂ ਜਾ ਚੁੱਕੀਆਂ ਹਨ।
ਬੀ. ਐੱਸ. ਐੱਫ. ਦੇ ਜਵਾਨਾਂ ਨੇ ਸਵੇਰੇ ਇਕ ਪਾਕਿਸਤਾਨੀ ਡ੍ਰੋਨ ਵੇਖਣ ਤੋਂ ਬਾਅਦ ਡ੍ਰੋਨ ਨੂੰ ਡੇਗਣ ਲਈ ਗੋਲੀਬਾਰੀ ਕੀਤੀ ਸੀ। ਪੀ. ਆਰ. ਓ. ਨੇ ਕਿਹਾ ਕਿ ਆਖਰੀ ਵੇਰਵੇ ਮਿਲਣ ਤੱਕ ਤਲਾਸ਼ੀ ਮੁਹਿੰਮ ਜਾਰੀ ਸੀ ਅਤੇ ਡ੍ਰੋਨ ਆਈ. ਈ. ਡੀ. ਸੁੱਟ ਕੇ ਪਾਕਿਸਤਾਨ ਵੱਲ ਵਾਪਸ ਚਲਾ ਗਿਆ। ਕੌਮਾਂਤਰੀ ਸਰਹੱਦ ’ਤੇ ਬੀ. ਐੱਸ. ਐੱਫ. ਜਵਾਨ ਪੂਰੀ ਤਰ੍ਹਾਂ ਚੌਕਸ ਹਨ।