IAS ਅਫਸਰ ਨੇ ਕੀਤਾ ਜਮਾਤੀਆਂ ਨੂੰ ਲੈ ਕੇ ਟਵੀਟ, ਸਰਕਾਰ ਨੇ ਫੜਾਇਆ ਨੋਟਿਸ
Saturday, May 02, 2020 - 09:53 PM (IST)
ਬੈਂਗਲੁਰੂ (ਏਜੰਸੀ) : ਕਰਨਾਟਕ ਸਰਕਾਰ ਨੇ ਸੀਨੀਅਰ ਆਈ.ਏ.ਐਸ. ਅਧਿਕਾਰੀ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਹੈ ਕਿਉਂਕਿ ਇਸ ਅਧਿਕਾਰੀ ਨੇ ਕੋਰੋਨਾ ਮੁਕਤ ਹੋ ਚੁੱਕੇ ਤਬਲੀਗੀ ਜਮਾਤ ਦੇ ਮੈਬਰਾਂ ਦੇ ਪਲਾਜ਼ਮਾ ਡੋਨੇਸ਼ਨ 'ਤੇ ਟਿੱਪਣੀ ਕੀਤੀ ਸੀ। ਮੁਹੰਮਦ ਮੋਹਸਿਨ ਨਾਂ ਦਾ ਇਹ ਅਧਿਕਾਰੀ ਪਿਛਲੇ ਸਾਲ ਉਸ ਸਮੇਂ ਵੀ ਚਰਚਾ 'ਚ ਆਇਆ ਸੀ ਜਦੋਂ ਅਪ੍ਰੈਲ 'ਚ ਉੜੀਸਾ ਦੌਰੇ ਦੌਰਾਨ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ਦੀ ਜਾਂਚ ਕਰਣ ਦੀ ਕੋਸ਼ਿਸ਼ ਕੀਤੀ ਸੀ ਅਤੇ ਚੋਣ ਕਮਿਸ਼ਨ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਸੀ।
ਮੋਹਸਿਨ ਨੇ 27 ਅਪ੍ਰੈਲ ਨੂੰ ਟਵੀਟ ਕੀਤਾ, 300 ਤੋਂ ਜ਼ਿਆਦਾ ਤਬਲੀਗੀ ਹੀਰੋ ਇਕੱਲੇ ਦਿੱਲੀ 'ਚ ਆਪਣਾ ਪਲਾਜ਼ਮਾ ਦੇਸ਼ ਲਈ ਦਾਨ ਕਰ ਰਹੇ ਹਨ। ਕਿਸ ਦੇ ਲਈ? ਗੋਦੀ ਮੀਡੀਆ ਇਨ੍ਹਾਂ ਹੀਰੋਜ਼ ਦੇ ਮਨੁੱਖਤਾ ਲਈ ਕੀਤੇ ਜਾ ਰਹੇ ਕੰਮ ਨੂੰ ਨਹੀਂ ਦਿਖਾਵੇਗੀ। ਸਾਲ 1996 ਦੇ ਆਈ.ਏ.ਐਸ. ਬੈਚ ਦੇ ਅਧਿਕਾਰੀ ਮੋਹਸਿਨ ਦੇ ਇਸ ਟਵੀਟ 'ਤੇ ਕਾਫ਼ੀ ਬਵਾਲ ਹੋਇਆ। ਕਰਨਾਟਕ ਸਰਕਾਰ ਨੇ ਕਿਹਾ ਕਿ ਟਵੀਟ ਨੂੰ ਲੈ ਕੇ ਮੋਹਸਿਨ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਸਰਕਾਰ ਨੇ ਕਿਹਾ, ਇਸ ਟਵੀਟ ਨੂੰ ਮੀਡੀਆ 'ਚ ਮਿਲੇ ਨੈਗੇਟਿਵ ਰੀਐਕਸ਼ਨ ਦਾ ਸਰਕਾਰ ਨੇ ਗੰਭੀਰਤਾ ਨਾਲ ਨੋਟਿਸ ਲਿਆ ਹੈ। ਕੋਵਿਡ-19 ਗੰਭੀਰ ਮਾਮਲਾ
ਹੈ ਅਤੇ ਇਸ ਤੋਂ ਨਜਿੱਠਣ ਲਈ ਸੰਵੇਦਨਸ਼ੀਲਤਾ ਬੇਹੱਦ ਜ਼ਰੂਰੀ ਹੈ।