ਨੰਗੇ ਪੈਰੀਂ ਸੜਦੀ ਪੁੱਧ 'ਚ ਪੈਦਲ ਚੱਲ ਰਹੀ ਸੀ ਲੜਕੀ, IAS ਨੇ ਖੁਦ ਪਹਿਨਾਈ ਚੱਪਲ

05/19/2020 2:08:19 PM

ਗੋਰਖਪੁਰ— ਲਾਕਡਾਊਨ ਦਾ ਚੌਥਾ ਪੜਾਅ ਜਾਰੀ ਹੈ, ਇਸ ਦਰਮਿਆਨ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਵੀ ਜਾਰੀ ਹੈ। ਮਜ਼ਦੂਰ ਆਪਣੇ ਪਰਿਵਾਰ ਸਮੇਤ ਕਈ-ਕਈ ਕਿਲੋਮੀਟਰ ਦਾ ਸਫਰ ਪੈਦਲ ਹੀ ਤੈਅ ਕਰ ਰਹੇ ਹਨ। ਕੋਈ ਸਾਈਕਲ 'ਤੇ ਬੱਚਿਆਂ ਨੂੰ ਬਿਠਾ ਕੇ ਪਿੰਡ ਜਾ ਰਿਹਾ ਹੈ ਅਤੇ ਕੋਈ ਜਿਵੇਂ-ਕਿਵੇਂ ਜੁਗਾੜ ਲਾ ਕੇ ਕਈ ਕਿਲੋਮੀਟਰ ਦਾ ਸਫਰ ਤੈਅ ਕਰ ਰਿਹਾ ਹੈ। ਇਸ ਦਰਮਿਆਨ ਕਈ ਲੋਕ ਉਨ੍ਹਾਂ ਦੀ ਮਦਦ ਕਰ ਕੇ ਇਸ ਬੁਰੇ ਦੌਰ ਵਿਚ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਨਜ਼ਰ ਆ ਰਹੇ ਹਨ।

ਗਰੀਬ ਮਜ਼ਦੂਰਾਂ ਕੋਲ ਨਾ ਖਾਣ ਨੂੰ ਰੋਟੀ ਹੈ, ਨਾ ਪਹਿਨਣ ਨੂੰ ਕੱਪੜੇ। ਲੰਬੇ ਪੈਂਡਾ ਹੋਣ ਕਰ ਕੇ ਕਈਆਂ ਦੀ ਤਾਂ ਚੱਪਲਾਂ ਵਿਚ ਪੈਦਲ ਚੱਲ ਕੇ ਟੁੱਟ ਗਈਆਂ ਹਨ। ਉੱਪਰੋਂ ਗਰਮੀ ਅਤੇ ਸੜਕਾਂ ਵੀ ਗਰਮ ਹਨ, ਕੋਈ ਸਫਰ ਕਰੇ ਤਾਂ ਕਿਵੇਂ ਤੈਅ ਕਰੇ। ਮਾਮਲਾ ਸਾਹਮਣੇ ਆਇਆ ਹੈ, ਉੱਤਰ ਪ੍ਰਦੇਸ਼ ਦੇ ਜ਼ਿਲੇ ਗੋਰਖਪੁਰ ਤੋਂ। ਇੱਥੇ ਇਕ ਲੜਕੀ ਦੀ ਚੱਪਲ ਟੁੱਟ ਗਈ ਸੀ। ਉਹ ਸੜਦੀ ਪੁੱਧ ਵਿਚ ਨੰਗੇ ਪੈਰ ਹੀ ਸਫਰ ਕਰ ਰਹੀ ਸੀ, ਤਾਂ ਉੱਥੇ ਮੌਜੂਦ ਆਈ. ਏ. ਐੱਸ. ਅਧਿਕਾਰੀ ਨੇ ਖੁਦ ਆਪਣੇ ਹੱਥਾਂ ਨਾਲ ਉਸ ਨੂੰ ਚੱਪਲ ਪਹਿਨਾਈ।

ਦਰਅਸਲ ਗੋਰਖਪੁਰ ਦੀ ਸਰਹੱਦ 'ਤੇ ਕੁਝ ਪ੍ਰਵਾਸੀ ਮਜ਼ਦੂਰ ਇਕੱਠੇ ਹੋਏ ਸਨ। ਇਸ ਦੌਰਾਨ ਉੱਥੇ ਆਈ. ਏ. ਐੱਸ. ਮੌਜੂਦ ਸੀ। ਉਨ੍ਹਾਂ ਦਾ ਨਾਂ ਅਨੁਜ ਮਲਿਕ ਹੈ। ਉਨ੍ਹਾਂ ਦੀ ਨਜ਼ਰ ਉੱਥੇ ਖ਼ੜ੍ਹੀ ਇਕ ਲੜਕੀ 'ਤੇ ਪਈ। ਲੜਕੀ ਨੰਗੇ ਪੈਰ ਸੀ। ਉਹ ਸੜਦੀ ਧੁੱਪ ਵਿਚ ਖੜ੍ਹੀ ਸੀ। ਆਈ. ਏ. ਐੱਸ. ਅਧਿਕਾਰੀ ਅਨੁਜ ਮਲਿਕ ਨੇ ਤੁਰੰਤ ਇਕ ਚੱਪਲ ਮੰਗਵਾਈ ਅਤੇ ਆਪਣੇ ਹੱਥਾਂ ਨਾਲ ਉਸ ਲੜਕੀ ਨੂੰ ਪਹਿਨਾਈ। ਉੱਥੇ ਮੌਜੂਦ ਦੂਜੇ ਅਧਿਕਾਰੀਆਂ ਅਤੇ ਕਰਮਚਾਰੀ ਨੇ ਵੀ ਆਈ. ਏ. ਐੱਸ. ਦੀ ਇਸ ਪਹਿਲ ਤੋਂ ਬਾਅਦ ਉਨ੍ਹਾਂ ਨੇ ਵੀ ਲੋਕਾਂ ਦੀ ਮਦਦ ਕੀਤੀ। ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਜਿਨ੍ਹਾਂ ਕੋਲ ਚੱਪਲਾਂ ਨਹੀਂ ਸਨ, ਉਨ੍ਹਾਂ ਨੂੰ ਚੱਪਲਾਂ ਦਿੱਤੀਆਂ ਗਈਆਂ। ਉਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਵੀ ਕਰਵਾਈ ਗਈ।


Tanu

Content Editor

Related News