ਅੰਬਾਲਾ 'ਚ ਪੰਛੀ ਨਾਲ ਟਕਰਾਇਆ ਜਗੁਆਰ, ਵਾਲ-ਵਾਲ ਬਚਿਆ ਪਾਇਲਟ (ਵੀਡੀਓ)
Thursday, Jun 27, 2019 - 10:49 AM (IST)
ਅੰਬਾਲਾ— ਹਰਿਆਣਾ ਵਿਚ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਜਗੁਆਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ। ਭਾਰਤੀ ਹਵਾਈ ਫੌਜ ਦੇ ਸੂਤਰਾਂ ਮੁਤਾਬਕ ਜਹਾਜ਼ ਦੇ ਇੰਜਣ ਵਿਚ ਖਰਾਬੀ ਤੋਂ ਬਾਅਦ ਪਾਇਲਟ ਨੇ ਈਂਧਨ ਟੈਂਕ ਨੂੰ ਹੇਠਾਂ ਸੁੱਟ ਦਿੱਤਾ। ਰਾਹਤ ਦੀ ਖਬਰ ਇਹ ਹੈ ਕਿ ਪਾਇਲਟ ਸੁਰੱਖਿਅਤ ਹੈ। ਜਹਾਜ਼ ਦੀ ਅੰਬਾਲਾ ਏਅਰਬੇਸ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਭਾਰਤੀ ਹਵਾਈ ਫੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਲੜਾਕੂ ਜਹਾਜ਼ ਜਗੁਆਰ ਅਚਾਨਕ ਇਕ ਪੰਛੀ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਉਸ ਦਾ ਇੰਜਣ ਫੇਲ ਹੋ ਗਿਆ।

ਇਸ ਦੌਰਾਨ ਪਾਇਲਟ ਨੇ ਆਪਣੀ ਸਮਝਦਾਰੀ ਨਾਲ ਜਹਾਜ਼ ਦੇ ਈਂਧਨ ਟੈਂਕ ਨੂੰ ਹੇਠਾਂ ਸੁੱਟ ਦਿੱਤਾ। ਪਾਇਲਟ ਦੀ ਇਸ ਸਮਝਦਾਰੀ ਦੀ ਵਜ੍ਹਾ ਕਰ ਕੇ ਜਹਾਜ਼ ਵਿਚ ਅੱਗ ਨਹੀਂ ਲੱਗੀ। ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਅੰਬਾਲਾ ਏਅਰਬੇਸ 'ਤੇ ਸੁਰੱਖਿਅਤ ਲੈਂਡ ਕਰਵਾਇਆ। ਹਾਲਾਂਕਿ ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਹਵਾਈ ਫੌਜ ਦੇ ਸੂਤਰਾਂ ਮੁਤਾਬਕ ਪਾਇਲਟ ਵਲੋਂ ਸੁੱਟੇ ਗਏ ਛੋਟੇ ਅਭਿਆਸ ਬੰਬਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।
