I2U2 Summit: ਯੂਏਈ 15,980 ਕਰੋੜ ਰੁਪਏ ਦੀ ਲਾਗਤ ਨਾਲ ਭਾਰਤ 'ਚ ਬਣਾਏਗਾ ਮੇਗਾ ਫੂਡ ਪਾਰਕ
Friday, Jul 15, 2022 - 10:45 AM (IST)
 
            
            ਦੁਬਈ/ਨਵੀਂ ਦਿੱਲੀ (ਬਿਊਰੋ): ਭਾਰਤ, ਇਜ਼ਰਾਈਲ, ਸੰਯੁਕਤ ਅਰਬ ਅਮੀਰਾਤ ਅਤੇ ਸੰਯੁਕਤ ਰਾਜ ਅਮਰੀਕਾ ਦਾ ਇੱਕ ਨਵਾਂ ਸਮੂਹ, I2U2 ਇੱਕ ਪ੍ਰੋਜੈਕਟ ਦੀ ਅਗਵਾਈ ਕਰ ਰਿਹਾ ਹੈ ਜੋ ਭਾਰਤ ਵਿੱਚ ਖੇਤੀਬਾੜੀ ਦੇ ਲੈਂਡਸਕੇਪ ਨੂੰ ਬਦਲ ਸਕਦਾ ਹੈ। ਇਸ ਤਹਿਤ ਯੂਏਈ ਭਾਰਤ ਵਿੱਚ ਖੇਤੀਬਾੜੀ ਫੂਡ ਪਾਰਕ ਬਣਾਉਣ ਲਈ 2 ਬਿਲੀਅਨ ਡਾਲਰ ਮਤਲਬ 15,980 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਇਨ੍ਹਾਂ ਫੂਡ ਪਾਰਕਾਂ ਵਿੱਚ ਇਜ਼ਰਾਈਲੀ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਇਹ ਫ਼ੈਸਲਾ ਪੀ.ਐੱਮ. ਮੋਦੀ ਸਮੇਤ ਚਾਰ ਦੇਸ਼ਾਂ ਦੇ ਸਿਖਰਲੇ ਨੇਤਾਵਾਂ ਦੀ ਵਰਚੁਅਲ ਮੀਟਿੰਗ ਵਿੱਚ ਲਿਆ ਜਾਣਾ ਹੈ। ਇਹ ਮੁਲਾਕਾਤ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਪੱਛਮੀ ਏਸ਼ੀਆ ਦੇ ਦੌਰੇ 'ਤੇ ਹਨ।
ਬੈਠਕ ਵਿਚ ਪੀ.ਐੱਮ. ਮੋਦੀ ਨਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯੇਰ ਲਾਪਿਡ ਅਤੇ ਯੂਏਈ ਦੇ ਰਾਸ਼ਟਰਪਤੀ ਮੁਹੰਮਦ ਬਿਨ ਜਾਇਦ ਅਲ ਨਾਹੀਆਨ ਸ਼ਾਮਲ ਹੋਏ। ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਖੇਤਰ ਵਿੱਚ ਅਮਰੀਕੀ ਰਾਸ਼ਟਰਪਤੀ ਦਾ ਇਹ ਪਹਿਲਾ ਦੌਰਾ ਹੈ। I2U2 ਸੰਮੇਲਨ 'ਚ ਮੌਜੂਦਾ ਖੁਰਾਕ ਸੁਰੱਖਿਆ ਚੁਣੌਤੀ 'ਤੇ ਚਰਚਾ ਕੀਤੀ ਜਾਣੀ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਸੰਮੇਲਨ 'ਚ ਖੁਰਾਕ ਸੁਰੱਖਿਆ ਚੁਣੌਤੀ 'ਤੇ ਚਰਚਾ ਹੋਣੀ ਹੈ ਅਤੇ 2 ਬਿਲੀਅਨ ਡਾਲਰ ਦੇ ਉਸ ਪ੍ਰੋਜੈਕਟ 'ਤੇ ਵੀ ਗੱਲਬਾਤ ਹੋਵੇਗੀ ਜਿਸ ਲਈ ਯੂਏਈ ਪੈਸਾ ਦੇ ਰਿਹਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਕਦਮਾਂ ਦਾ ਐਲਾਨ ਕੀਤਾ ਜਾਵੇਗਾ। ਇਜ਼ਰਾਈਲ ਇਸ ਪਾਰਕ ਲਈ ਆਪਣੀ ਬਹੁਤ ਸਫਲ ਤਕਨੀਕ ਸਾਂਝੀ ਕਰੇਗਾ। ਇਸ ਤੋਂ ਇਲਾਵਾ ਅਮਰੀਕਾ ਦਾ ਪ੍ਰਾਈਵੇਟ ਸੈਕਟਰ ਵੀ ਇਸ ਪ੍ਰੋਜੈਕਟ ਨੂੰ ਸਹਿਯੋਗ ਦੇਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਸਪੇਨ ਨੇ ਰੇਲ ਯਾਤਰਾ 'ਫ੍ਰੀ' ਕਰਨ ਦਾ ਕੀਤਾ ਐਲਾਨ, ਦਿਲ ਜਿੱਤ ਲਵੇਗੀ ਵਜ੍ਹਾ
ਇੰਡੋ-ਪੈਸੀਫਿਕ ਖੇਤਰ 'ਚ ਅਹਿਮ ਭੂਮਿਕਾ ਨਿਭਾ ਰਿਹਾ ਹੈ ਭਾਰਤ: ਯੂ.ਐੱਸ
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਾਨ ਨੇ ਬੁੱਧਵਾਰ ਨੂੰ ਕਿਹਾ ਕਿ ਖੁਰਾਕ ਸੁਰੱਖਿਆ ਅਤੇ ਖੇਤੀ ਤਕਨੀਕ ਦੀ ਦਿਸ਼ਾ 'ਚ ਕਈ ਅਹਿਮ ਐਲਾਨ ਹੋਣਗੇ। ਉਨ੍ਹਾਂ ਕਿਹਾ ਕਿ ਇਸ ਪਲੇਟਫਾਰਮ ਤੋਂ ਚਾਰੇ ਦੇਸ਼ ਦੁਨੀਆ ਨੂੰ ਦਰਪੇਸ਼ ਫੌਰੀ ਸੰਕਟ 'ਤੇ ਮਿਲ ਕੇ ਕੰਮ ਕਰਨਗੇ। ਇਹ ਪੁੱਛੇ ਜਾਣ 'ਤੇ ਕਿ ਅਮਰੀਕਾ I2U2 ਵਰਗੇ ਗਠਜੋੜ 'ਚ ਭਾਰਤ ਨੂੰ ਸ਼ਾਮਲ ਕਰਕੇ ਕੀ ਦੇਖ ਰਿਹਾ ਹੈ, ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਭਾਰਤ ਹਿੰਦ-ਪ੍ਰਸ਼ਾਂਤ ਖੇਤਰ 'ਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਭਾਰਤ ਇੰਡੋ-ਪੈਸੀਫਿਕ ਖੇਤਰ ਦੇ ਸਭ ਤੋਂ ਵੱਡੇ, ਸਭ ਤੋਂ ਮਹੱਤਵਪੂਰਨ ਅਤੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਦੇਸ਼ਾਂ ਵਿੱਚੋਂ ਇੱਕ ਹੈ। ਇਸ ਲਈ ਭਾਰਤ ਨੂੰ ਸਾਡੀ ਰਣਨੀਤੀ ਵਿੱਚ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਵਿੱਚ ਕਵਾਡਸ ਸ਼ਾਮਲ ਹਨ।
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਮੰਨਿਆ ਕਿ ਭਾਰਤ ਦੇ ਖਾੜੀ ਦੇਸ਼ਾਂ ਅਤੇ ਮੱਧ ਪੂਰਬ ਦੇ ਇਜ਼ਰਾਈਲ ਨਾਲ ਲੰਬੇ ਸਮੇਂ ਤੋਂ ਬਹੁਤ ਚੰਗੇ ਸਬੰਧ ਰਹੇ ਹਨ। ਜਿਸ ਤਰ੍ਹਾਂ ਅਮਰੀਕਾ ਇਸਰਾਈਲ ਨੂੰ ਇਸ ਖਿੱਤੇ ਵਿੱਚ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰ ਸਕਦਾ ਹੈ, ਉਸੇ ਤਰ੍ਹਾਂ ਭਾਰਤ ਵੀ ਆਪਣੀ ਭੂਮਿਕਾ ਨਿਭਾ ਸਕਦਾ ਹੈ। ਭਾਰਤ, ਇਜ਼ਰਾਈਲ, ਯੂਏਈ ਅਤੇ ਅਮਰੀਕਾ ਨੂੰ ਨਾਲ ਲਿਆ ਕੇ ਵਧੇਰੇ ਅਨਾਜ ਪੈਦਾ ਕੀਤਾ ਜਾ ਸਕਦਾ ਹੈ। ਇਸ ਨਾਲ ਭੋਜਨ ਸੁਰੱਖਿਆ ਦੀ ਚੁਣੌਤੀ ਦਾ ਸਾਹਮਣਾ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਤਕਨਾਲੋਜੀ ਅਤੇ ਉੱਦਮਤਾ ਦੇ ਕੇਂਦਰ ਵਜੋਂ ਕੰਮ ਕਰਨਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            