ਉਪ ਰਾਜਪਾਲ ਨੇ ਪਹਿਲਗਾਮ ਹਮਲੇ ਨੂੰ ਸੁਰੱਖਿਆ ’ਚ ਕੁਤਾਹੀ ਦੱਸਿਆ, ਜ਼ਿੰਮੇਵਾਰੀ ਲਈ

Tuesday, Jul 15, 2025 - 12:44 AM (IST)

ਉਪ ਰਾਜਪਾਲ ਨੇ ਪਹਿਲਗਾਮ ਹਮਲੇ ਨੂੰ ਸੁਰੱਖਿਆ ’ਚ ਕੁਤਾਹੀ ਦੱਸਿਆ, ਜ਼ਿੰਮੇਵਾਰੀ ਲਈ

ਜੰਮੂ, (ਕਮਲ)- ਉਪ ਰਾਜਪਾਲ ਮਨੋਜ ਸਿਨਹਾ ਨੇ ਪਹਿਲਗਾਮ ਹਮਲੇ ਨੂੰ ਸੁਰੱਖਿਆ ’ਚ ਕੁਤਾਹੀ ਦੱਸਿਆ। ਉਨ੍ਹਾਂ ਨੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਕਸ਼ਮੀਰ ਦੀ ਅਰਥਵਿਵਸਥਾ ਨੂੰ ਵਿਗਾੜਨ ਅਤੇ ਫਿਰਕੂ ਤਣਾਅ ਭੜਕਾਉਣ ਲਈ ਪਾਕਿਸਤਾਨ ਸਪਾਂਸਰਡ ਕਾਰਵਾਈ ਦੱਸਿਆ। ਇਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ’ਚ ਉਪ ਰਾਜਪਾਲ ਨੇ ਸਥਾਨਕ ਅੱਤਵਾਦੀ ਭਰਤੀ ’ਚ ਕਮੀ ਨੂੰ ਉਜਾਗਰ ਕੀਤਾ ਅਤੇ ਅੱਤਵਾਦ ਨਾਲ ਲੜਨ ਲਈ ਸਰਕਾਰ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪਹਿਲਗਾਮ ਹਮਲੇ ਤੋਂ ਬਾਅਦ ਸੈਰ-ਸਪਾਟਾ ਗਤੀਵਿਧੀਆਂ ਨੂੰ ਅਸਥਾਈ ਝਟਕਾ ਲੱਗਣ ਦੀ ਗੱਲ ਕੀਤੀ ਪਰ ਉਮੀਦ ਪ੍ਰਗਟਾਈ ਕਿ ਚੱਲ ਰਹੀ ਅਮਰਨਾਥ ਯਾਤਰਾ ਇਕ ਮਹੱਤਵਪੂਰਨ ਮੋੜ ਸਾਬਤ ਹੋਵੇਗੀ।

ਉਪ ਰਾਜਪਾਲ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਸਪਾਂਸਰ ਕੀਤੀ ਗਈ ਅੱਤਵਾਦੀ ਕਾਰਵਾਈ ਦਾ ਉਦੇਸ਼ ਫਿਰਕੂ ਤਣਾਅ ਫੈਲਾਉਣਾ ਅਤੇ ਖੇਤਰ ਦੀ ਆਰਥਿਕ ਤਰੱਕੀ ਨੂੰ ਪਟੜੀ ਤੋਂ ਲਾਹੁਣਾ ਸੀ। ਇਹ ਹਮਲਾ ਭਾਰਤ ਦੀ ਏਕਤਾ ਨੂੰ ਨਿਸ਼ਾਨਾ ਬਣਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਸੀ ਪਰ ਇਸ ਨੂੰ ਇਸ ਗੱਲ ਦੇ ਸਬੂਤ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਅੱਤਵਾਦ ਮੁੜ ਉੱਭਰ ਰਿਹਾ ਹੈ। ਗੁਆਂਢੀ ਦੇਸ਼ ਪਾਕਿਸਤਾਨ ਦਾ ਇਰਾਦਾ ਫਿਰਕੂ ਵੰਡ ਪੈਦਾ ਕਰਨਾ ਅਤੇ ਦੇਸ਼ ਦੇ ਦੂਜੇ ਹਿੱਸਿਆਂ ’ਚ ਰਹਿਣ ਵਾਲੇ ਜੰਮੂ-ਕਸ਼ਮੀਰ ਦੇ ਲੋਕਾਂ ਖਿਲਾਫ ਭੜਕਾਉਣਾ ਸੀ, ਜਿਸ ਨਾਲ ਵੱਖਵਾਦ ਦੀ ਭਾਵਨਾ ਵਧੇ।

ਉਪ ਰਾਜਪਾਲ ਸਿਨਹਾ ਨੇ ਕਿਹਾ ਕਿ ਹਮਲੇ ਦਾ ਸਮਾਂ ਅਤੇ ਸਥਾਨ ਕਸ਼ਮੀਰ ਦੇ ਤੇਜ਼ੀ ਨਾਲ ਵਧ ਰਹੇ ਸੈਰ-ਸਪਾਟਾ ਖੇਤਰ ਅਤੇ ਸਮੁੱਚੇ ਆਰਥਿਕ ਪੁਨਰ ਸੁਰਜੀਤੀ ਨੂੰ ਕਮਜ਼ੋਰ ਕਰਨ ਦੇ ਉਦੇਸ਼ ਨਾਲ ਸੀ। ਪਿਛਲੇ 5 ਸਾਲਾਂ ’ਚ ਜੰਮੂ-ਕਸ਼ਮੀਰ ਦੀ ਅਰਥਵਿਵਸਥਾ ਦਾ ਆਕਾਰ ਦੁੱਗਣਾ ਹੋਇਆ ਹੈ। ਸੈਲਾਨੀ ਵੱਡੀ ਗਿਣਤੀ ’ਚ ਆ ਰਹੇ ਹਨ। ਇਹ ਕਸ਼ਮੀਰ ਦੀ ਆਰਥਿਕ ਭਲਾਈ ’ਤੇ ਪਾਕਿਸਤਾਨੀ ਹਮਲਾ ਸੀ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਆਮ ਕਸ਼ਮੀਰੀਆਂ ਵੱਲੋਂ ਕੀਤੀ ਜਾ ਰਹੀ ਵਿਆਪਕ ਨਿੰਦਾ ਪਾਕਿਸਤਾਨ ਅਤੇ ਅੱਤਵਾਦੀ ਸੰਗਠਨਾਂ ਨੂੰ ਢੁੱਕਵਾਂ ਜਵਾਬ ਹੈ।

ਹਮਲੇ ’ਚ ਸਥਾਨਕ ਸਹਿਯੋਗੀਆਂ ਦੀ ਸ਼ਮੂਲੀਅਤ ਸੁਰੱਖਿਆ ਫੋਰਸਾਂ ਲਈ ਇਕ ਨਵੀਂ ਚੁਣੌਤੀ ’ਤੇ ਸਿਨਹਾ ਨੇ ਕਿਹਾ ਕਿ ਸਥਾਨਕ ਅੱਤਵਾਦੀਆਂ ਦੀ ਭਰਤੀ ਰਿਕਾਰਡ ਹੇਠਲੇ ਪੱਧਰ ’ਤੇ ਆ ਗਈ ਹੈ। ਪਿਛਲੇ ਸਾਲ 6-7 ਦੇ ਮੁਕਾਬਲੇ ’ਚ ਇਸ ਸਾਲ ਸਥਾਨਕ ਭਰਤੀ ਦਾ ਸਿਰਫ ਇਕ ਮਾਮਲਾ ਹੈ। ਇਕ ਸਮਾਂ ਸੀ ਜਦੋਂ ਇਹ ਗਿਣਤੀ 150-200 ਹੁੰਦੀ ਸੀ ਪਰ ਇਹ ਵੀ ਇਕ ਸੱਚਾਈ ਹੈ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੋਵਾਂ ਖੇਤਰਾਂ ’ਚ ਵੱਡੀ ਗਿਣਤੀ ’ਚ ਅੱਤਵਾਦੀਆਂ ਦੀ ਘੁਸਪੈਠ ਕਰਨ ’ਚ ਮਦਦ ਕੀਤੀ ਹੈ।

ਉਪ ਰਾਜਪਾਲ ਨੇ ਦਾਅਵਾ ਕੀਤਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਬੰਦ ਕੀਤੇ ਗਏ ਸੈਰ-ਸਪਾਟਾ ਸਥਾਨ ਹੌਲੀ-ਹੌਲੀ ਦੁਬਾਰਾ ਖੁੱਲ੍ਹ ਗਏ ਹਨ। ਬਹੁਤ ਸਾਰੇ ਪਹਿਲਾਂ ਹੀ ਖੁੱਲ੍ਹ ਚੁੱਕੇ ਹਨ, ਹੋਰਾਂ ਨੂੰ ਵੀ ਪੜਾਅਵਾਰ ਖੋਲ੍ਹਿਆ ਜਾਵੇਗਾ। ਆਪ੍ਰੇਸ਼ਨ ਸਿੰਧੂਰ ਬਾਰੇ ਉਪ ਰਾਜਪਾਲ ਸਿਨਹਾ ਨੇ ਕਿਹਾ ਕਿ ਆਪ੍ਰੇਸ਼ਨ ਸਿੰਧੂਰ ਦੀ ਸਫਲਤਾ ਨੇ ਪਾਕਿਸਤਾਨ ਨੂੰ ਸਖਤ ਸੰਦੇਸ਼ ਦਿੱਤਾ ਹੈ। ਭਾਰਤ ਨੇ ਸਾਫ ਕਰ ਦਿੱਤਾ ਹੈ ਕਿ ਕਿਸੇ ਵੀ ਅੱਤਵਾਦੀ ਹਮਲੇ ਨੂੰ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ। ਜਿਸ ਤਰ੍ਹਾਂ ਸਾਡੀਆਂ ਫੌਜਾਂ ਨੇ ਪਾਕਿਸਤਾਨ ’ਚ ਅੱਤਵਾਦੀ ਟਿਕਾਣਿਆਂ ’ਤੇ ਸਟੀਕ ਹਮਲੇ ਕੀਤੇ, ਉਸ ਨਾਲ ਇਕ ਸਖ਼ਤ ਸੰਦੇਸ਼ ਗਿਆ ਹੈ। ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਚੁਣੌਤੀਆਂ ਦੇ ਬਾਵਜੂਦ ਕੇਂਦਰੀ ਗ੍ਰਹਿ ਮੰਤਰਾਲਾ, ਰੱਖਿਆ ਮੰਤਰਾਲਾ ਅਤੇ ਖੁਫੀਆ ਏਜੰਸੀਆਂ ਭਵਿੱਖ ’ਚ ਕਿਸੇ ਵੀ ਖ਼ਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ।


author

Rakesh

Content Editor

Related News