ਜ਼ਿਮਨੀ ਚੋਣਾਂ ਨਤੀਜਿਆਂ ਨੂੰ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ: ਜੈਰਾਮ ਠਾਕੁਰ
Tuesday, Nov 02, 2021 - 06:22 PM (IST)
ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਲੋਕ ਸਭਾ ਦੀ ਇਕ ਅਤੇ ਵਿਧਾਨ ਸਭਾ ਦੀਆਂ 3 ਸੀਟਾਂ ’ਤੇ ਜ਼ਿਮਨੀ ਚੋਣਾਂ ’ਚ ਭਾਜਪਾ ਦੀ ਹਾਰ ’ਤੇ ਕਿਹਾ ਕਿ ਉਹ ਚੋਣ ਨਤੀਜਿਆਂ ਨੂੰ ਨਿਮਰਤਾਪੂਰਵਕ ਸਵੀਕਾਰ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਚੋਣ ਨਤੀਜੇ ਉਨ੍ਹਾਂ ਦੀ ਉਮੀਦ ਮੁਤਾਬਕ ਨਹੀਂ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੰਡੀ ਸੰਸਦੀ ਸੀਟ ਪਾਰਟੀ ਬਹੁਤ ਘੱਟ ਫ਼ਰਕ ਨਾਲ ਹਾਰੀ ਹੈ।
ਜੈਰਾਮ ਠਾਕੁਰ ਨੇ ਕਿਹਾ ਕਿ ਉਹ ਪ੍ਰਦੇਸ਼ ਦੇ ਲੋਕਾਂ ਦੀਆਂ ਇੱਛਾਵਾ ’ਤੇ ਖਰਾ ਉਤਰਨ ਲਈ ਭਰਪੂਰ ਕੋਸ਼ਿਸ਼ ਕਰਨਗੇ ਅਤੇ ਨਵੀਂ ਊਰਜਾ ਅਤੇ ਸਮਰਪਣ ਨਾਲ ਕੰਮ ਕਰਦੇ ਹੋਏ 2022 ਦੇ ਵਿਧਾਨ ਸਭਾ ਚੋਣਾਂ ’ਚ ਬਿਹਤਰ ਪ੍ਰਦਰਸ਼ਨ ਕਰਨਗੇ। ਮੁੱਖ ਮੰਤਰੀ ਨੇ ਇਨ੍ਹਾਂ ਜ਼ਿਮਨੀ ਚੋਣਾਂ ਦੇ ਸਾਰੇ ਜੇਤੂ ਉਮੀਦਵਾਰਾਂ ਨੂੰ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੰਡੀ ’ਚ ਕਾਂਗਰਸ ਦੀ ਪ੍ਰਤਿਭਾ ਸਿੰਘ, ਜਦਕਿ ਕਾਂਗੜਾ ਜ਼ਿਲ੍ਹੇ ਦੀ ਫਤਿਹਪੁਰ, ਸੋਲਨ ਦੀ ਅਕਰੀ ਅਤੇ ਸ਼ਿਮਲਾ ਦੀ ਜੁੱਬਲ-ਕੋਟਖਾਈ ਤੋਂ ਭਵਾਨੀ ਸਿੰਘ ਪਠਾਨੀਆ, ਸੰਜੇ ਅਵਸਥੀ ਅਤੇ ਰੋਹਿਤ ਠਾਕੁਰ ਜੇਤੂ ਰਹੇ।