ਸ਼ਿਵਾਜੀ ਦੇ ਚਰਨਾਂ ''ਚ ਸਿਰ ਝੁਕਾ ਕੇ ਮੁਆਫ਼ੀ ਮੰਗਦਾ ਹਾਂ : ਮੂਰਤੀ ਡਿੱਗਣ ਦੀ ਘਟਨਾ ''ਤੇ ਬੋਲੇ PM ਮੋਦੀ
Friday, Aug 30, 2024 - 05:47 PM (IST)
ਪਾਲਘਰ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ 'ਚ ਮੂਰਤੀ ਡਿੱਗਣ ਦੀ ਘਟਨਾ ਤੋਂ ਦੁਖੀ ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਮਹਾਰਾਜ ਅਤੇ ਲੋਕਾਂ ਤੋਂ ਮੁਆਫ਼ੀ ਮੰਗੀ ਹੈ। ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ 76,000 ਕਰੋੜ ਰੁਪਏ ਦੀ ਵਾਧਵਨ ਬੰਦਰਗਾਹ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਮੋਦੀ ਨੇ ਕਿਹਾ,''ਛਤਰਪਤੀ ਸ਼ਿਵਾਜੀ ਮਹਾਰਾਜ ਸਿਰਫ਼ ਇਕ ਨਾਂ ਜਾਂ ਰਾਜਾ ਨਹੀਂ ਹਨ। ਸਾਡੇ ਲਈ ਉਹ ਇਕ ਦੇਵਤਾ ਹੈ। ਅੱਜ ਮੈਂ ਉਸ ਦੇ ਚਰਨਾਂ 'ਚ ਸਿਰ ਝੁਕਾ ਕੇ ਆਪਣੇ ਦੇਵਤਾ ਤੋਂ ਮੁਆਫ਼ੀ ਮੰਗਦਾ ਹਾਂ।'' ਮੋਦੀ ਨੇ ਕਿਹਾ,''ਸਾਡੀਆਂ ਕਦਰਾਂ-ਕੀਮਤਾਂ ਵੱਖਰੀਆਂ ਹਨ। ਸਾਡੇ ਲਈ ਸਾਡੇ ਦੇਵਤਾ ਤੋਂ ਵੱਡਾ ਕੁਝ ਨਹੀਂ ਹੈ।'' ਉਨ੍ਹਾਂ ਕਿਹਾ,''ਕੁਝ ਲੋਕ ਵੀਰ ਸਾਵਰਕਰ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਨ ਪਰ ਉਨ੍ਹਾਂ ਦਾ ਅਪਮਾਨ ਕਰਨ ਲਈ ਮੁਆਫ਼ੀ ਮੰਗਣ ਲਈ ਤਿਆਰ ਨਹੀਂ ਹਨ।'' ਉਨ੍ਹਾਂ ਕਿਹਾ,"ਜਦੋਂ ਮੈਂ ਇੱਥੇ ਪਹੁੰਚਿਆ, ਤਾਂ ਮੈਂ ਸਭ ਤੋਂ ਪਹਿਲਾਂ ਸ਼ਿਵਾਜੀ ਮਹਾਰਾਜ ਤੋਂ ਮੂਰਤੀ ਡਿੱਗਣ ਲਈ ਮੁਆਫ਼ੀ ਮੰਗੀ।"
ਪ੍ਰਧਾਨ ਮੰਤਰੀ ਨੇ ਕਿਹਾ,''ਮੈਂ ਉਨ੍ਹਾਂ ਲੋਕਾਂ ਤੋਂ ਵੀ ਮੁਆਫ਼ੀ ਮੰਗਦਾ ਹਾਂ, ਜੋ ਇਸ ਘਟਨਾ ਤੋਂ ਦੁਖੀ ਹੋਏ ਹਨ।'' ਪੀ.ਐੱਮ. ਮੋਦੀ ਨੇ ਪਿਛਲੇ ਸਾਲ ਦਸੰਬਰ 'ਚ ਸਿੰਧੂਦੁਰਗ ਜ਼ਿਲ੍ਹੇ 'ਚ ਜਲ ਸੈਨਾ ਦਿਵਸ ਸਮਾਰੋਹ ਦੌਰਾਨ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕੀਤਾ ਸੀ। ਮੂਰਤੀ ਦਾ ਮਕਸਦ ਸਮੁੰਦਰੀ ਰੱਖਿਆ ਦੇ ਪ੍ਰਤੀ ਮਰਾਠਾ ਯੋਧਾ ਦੀ ਵਿਰਾਸਤ ਦਾ ਸਨਮਾਨਤ ਕਰਨਾ ਸੀ। ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਲ ਸੈਨਾ ਦੀ ਪ੍ਰਧਾਨਗੀ 'ਚ ਰਾਜ ਸਰਕਾਰ ਦੇ ਪ੍ਰਤੀਨਿਧੀਆਂ ਅਤੇ ਤਕਨੀਕੀ ਮਾਹਿਰਾਂ ਨਾਲ ਇਕ ਸੰਯੁਕਤ ਤਕਨੀਕੀ ਕਮੇਟੀ ਮੂਰਤੀ ਡਿੱਗਣ ਦੇ ਕਾਰਨਾਂ ਦੀ ਜਾਂਚ ਕਰੇਗੀ। ਪੀ.ਐੱਮ. ਮੋਦੀ ਨੇ ਕਿਹਾ ਕਿ ਵਿਕਸਿਤ ਮਹਾਰਾਸ਼ਟਰ ਵਿਕਸਿਤ ਭਾਰਤ ਦੇ ਸੰਕਲਪ ਦਾ ਇਕ ਜ਼ਰੂਰੀ ਹਿੱਸਾ ਹੈ। ਉਨ੍ਹਾਂ ਕਿਹਾ,''ਇਸ ਲਈ ਪਿਛਲੇ 10 ਸਾਲਾਂ 'ਚ ਅਸੀਂ ਮਹਾਰਾਸ਼ਟਰ ਦੀ ਤਰੱਕੀ ਲਈ ਲਗਾਤਾਰ ਵੱਡੇ ਫ਼ੈਸਲੇ ਲਏ ਹਨ। ਇਹ ਯਕੀਨੀ ਕਰਨ ਲਈ ਰਾਜ ਅਤੇ ਪੂਰਾ ਦੇਸ਼ ਮਹਾਰਾਸ਼ਟਰ ਦੀਆਂ ਸਮਰੱਥਾ ਦਾ ਲਾਭ ਚੁੱਕੇ, ਅੱਜ ਵਧਾਵਨ ਬੰਦਰਗਾਹ ਦਾ ਨੀਂਹ ਪੱਥਰ ਰੱਖਿਆ ਗਿਆ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8