ਅਮਰੀਕਾ ''ਚ ਹੈਦਰਾਬਾਦ ਦਾ ਵਿਅਕਤੀ ਲਾਪਤਾ

07/25/2018 9:50:12 PM

ਹੈਦਰਾਬਾਦ— ਤੇਲੰਗਾਨਾ ਦਾ 26 ਸਾਲ ਦਾ ਇਕ ਵਿਅਕਤੀ ਅਮਰੀਕਾ ਦੇ ਨਿਊਜਰਸੀ 'ਚ ਲਾਪਤਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਇਸ ਮਾਮਲੇ 'ਚ ਸੂਬਾ ਤੇ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਮਿਰਜ਼ਾ ਸੁਜਾਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਭਰਾ ਮਿਰਜ਼ਾ ਅਲੀ ਬੇਗ 2015 'ਚ ਉੱਚ ਸਿੱਖਿਆ ਅਧਿਐਨ ਲਈ ਅਮਰੀਕਾ ਗਿਆ ਸੀ। ਉਹ ਨਿਊਜਰਸੀ 'ਚ ਇਕ ਸਟੋਰ 'ਚ ਕਰਮਚਾਰੀ ਦੇ ਤੌਰ 'ਤੇ ਕੰਮ ਕਰਦਾ ਸੀ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਕੁਝ ਲੋਕ ਉਨ੍ਹਾਂ ਦੇ ਭਰਾ ਤੋਂ ਰੰਗਦਾਰੀ ਮੰਗ ਰਹੇ ਸੀ ਤੇ ਉਸ ਨੂੰ ਧਮਕੀ ਵੀ ਦੇ ਰਹੇ ਸੀ। ਉਸ ਦੇ ਲਾਪਤਾ ਹੋਣ ਪਿੱਛੇ ਇਨ੍ਹਾਂ ਲੋਕਾਂ ਦਾ ਹੱਥ ਹੋ ਸਕਦਾ ਹੈ। ਸੁਜਾਤ ਨੇ ਦਾਅਵਾ ਕੀਤਾ ਕਿ ਬੇਗ ਨੇ ਆਖਰੀ ਵਾਰ ਸ਼ੁੱਕਰਵਾਰ ਨੂੰ ਮਾਂ ਨਾਲ ਗੱਲਬਾਤ ਕੀਤੀ ਸੀ।
ਉਨ੍ਹਾਂ ਕਿਹਾ, 'ਬੇਗ ਨੇ ਮਾਂ ਨਾਲ ਗੱਲ ਕੀਤੀ ਤੇ ਦੱਸਿਆ ਕਿ ਕੁਝ ਲੋਕਾਂ ਕਾਰਨ ਉਹ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਮੈਨੂੰ ਫੋਨ ਕਰਨ ਲਈ ਕਿਹਾ।' ਸੁਜਾਤ ਨੇ ਕਿਹਾ, ''ਜਦੋਂ ਮੈਂ ਵਾਪਸ ਉਸ ਨੂੰ ਫੋਨ ਕੀਤਾ ਤਾਂ ਇਕ ਵਾਰ ਫੋਨ ਦੀ ਘੰਟੀ ਵੱਜੀ ਤੇ ਬਾਅਦ 'ਚ ਉਸ ਦਾ ਫੋਨ ਬੰਦ ਹੋ ਗਿਆ। ਉਦੋਂ ਤੋਂ ਬੇਗ ਬਾਰੇ ਕੋਈ ਸੂਚਨਾ ਨਹੀਂ ਹੈ।'' ਉਨ੍ਹਾਂ ਕਿਹਾ ਕਿ ਬੇਗ ਨਾਲ ਕਮਰੇ 'ਚ ਰਹਿਣ ਵਾਲੇ ਉਸ ਦੇ ਸਾਥੀ ਨੇ ਅਮਰੀਕਾ 'ਚ ਪੁਲਸ 'ਚ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ।
ਸੁਜਾਤ ਨੇ ਕਿਹਾ, ''ਕਰੀਬ 6 ਮਹੀਨੇ ਪਹਿਲਾਂ ਬੇਗ ਨੇ ਮੈਨੂੰ ਇਹ ਗੱਲ ਦੱਸੀ ਸੀ ਪਰ ਇਹ ਨਹੀਂ ਦੱਸਿਆ ਸੀ ਕਿ ਧਮਕੀ ਕੌਣ ਦੇ ਰਿਹਾ ਸੀ।'' ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਾਮਲੇ ਨੂੰ ਅਮਰੀਕੀ ਸਰਕਾਰ ਸਾਹਮਣੇ ਚੁੱਕਣ ਦੀ ਅਪੀਲ ਕੀਤੀ ਹੈ। ਸੁਜਾਤ ਨੇ ਦੋਸ਼ ਲਗਾਇਆ ਕਿ ਅਮਰੀਕਾ 'ਚ ਪੁਲਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ 'ਚ ਤੇਲੰਗਾਨਾ ਦੇ ਸੂਚਨਾ ਤਕਨੀਕੀ, ਉਦਯੋਗ ਤੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਕੇ.ਟੀ. ਰਾਮਾ ਰਾਓ ਤੋਂ ਵੀ ਮਦਦ ਮੰਗੀ ਹੈ। ਸੁਜਾਤ ਨੇ ਕਿਹਾ ਕਿ ਰਾਓ ਨੇ ਭਰੋਸਾ ਦਿੱਤਾ ਹੈ ਕਿ ਮਾਮਲਾ ਕੇਂਦਰ ਸਾਹਮਣੇ ਚੁੱਕਿਆ ਜਾਵੇਗਾ।


Related News