ਕਾਨੂੰਨ ਦੇ ਗਲਤ ਇਸਤੇਮਾਲ 'ਤੇ ਕੋਰਟ ਚਿੰਤਤ, ਕਿਹਾ- ਬਿਨਾਂ ਸਬੂਤ ਦਾਜ ਕੇਸ 'ਚ ਲਪੇਟ ਲਏ ਜਾਂਦੇ ਹਨ ਪਤੀ ਦੇ ਰਿਸ਼ਤੇਦਾਰ
Wednesday, Apr 10, 2024 - 04:31 PM (IST)
ਨਵੀਂ ਦਿੱਲੀ- ਕਰਨਾਟਕ ਹਾਈ ਕੋਰਟ ਨੇ ਦਾਜ ਉਤਪੀੜਨ ਕਾਨੂੰਨ ਦੇ ਗਲਤ ਇਸਤੇਮਾਲ 'ਤੇ ਚਿੰਤਾ ਜ਼ਾਹਰ ਕੀਤੀ ਹੈ। ਅਦਾਲਤ ਨੇ ਇਕ ਫ਼ੈਸਲੇ 'ਚ ਕਿਹਾ ਕਿ ਕਈ ਵਾਰ ਔਰਤਾਂ ਆਪਣੇ ਪਤੀ ਦੇ ਰਿਸ਼ਤੇਦਾਰਾਂ ਨੂੰ ਦਾਜ ਉਤਪੀੜਨ ਦੇ ਮਾਮਲੇ 'ਚ ਲਪੇਟ ਲੈਂਦੀਆਂ ਹਨ, ਜਦੋਂ ਕਿ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਨਹੀਂ ਹੁੰਦਾ। ਕੋਰਟ ਨੇ ਕਿਹਾ, ਇਸ ਗੱਲ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਆਈ.ਪੀ.ਸੀ. ਦੀ ਧਾਰਾ-498ਏ ਦਾ ਕਈ ਮੌਕਿਆਂ 'ਤੇ ਗਲਤ ਤਰੀਕੇ ਨਾਲ ਇਸਤੇਮਾਲ ਹੋ ਰਿਹਾ ਹੈ। ਦੇਖਿਆ ਜਾ ਰਿਹਾ ਹੈ ਕਿ ਮਾਮੂਲੀ ਕਾਰਨਾਂ ਨਾਲ ਹੋਣ ਵਾਲੀ ਲੜਾਈ ਅਦਾਲਤ ਪਹੁੰਚ ਰਹੀ ਹੈ। ਪਤੀ ਤੋਂ ਵੱਖ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਲਪੇਟ ਲਿਆ ਜਾਂਦਾ ਹੈ, ਜਦੋਂ ਕਿ ਅਸਲੀਅਤ 'ਚ ਪਤੀ ਦੇ ਰਿਸ਼ਤੇਦਾਰਾਂ ਖ਼ਿਲਾਫ਼ ਕੋਈ ਸਬੂਤ ਨਹੀਂ ਹੁੰਦਾ ਕਿ ਉਨ੍ਹਾਂ ਦਾ ਜੋੜੇ ਦਰਮਿਆਨ ਹੋਣ ਵਾਲੇ ਵਿਵਾਦ 'ਚ ਕੋਈ ਰੋਲ ਹੈ। ਪਤੀ-ਪਤਨੀ ਦਰਮਿਆਨ ਲੜਾਈ ਦੇ ਕਈ ਕਾਰਨ ਹੋ ਸਕਦੇ ਹਨ ਪਰ ਅਜਿਹੇ ਕਾਰਨਾਂ ਤੋਂ ਵੱਖ ਜੋ ਗੱਲ ਹੋਈ ਹੀ ਨਹੀਂ, ਉਸ ਨੂੰ ਸਾਹਮਣੇ ਲਿਆਂਦਾ ਜਾਂਦਾ ਹੈ, ਜਿਸ ਨਾਲ ਧਾਰਾ-498ਏ ਦਾ ਕੇਸ ਬਣਾਇਆ ਜਾ ਸਕੇ। ਅਦਾਲਤ ਨੇ ਇਸ ਮਾਮਲੇ 'ਚ ਪਤੀ ਦੇ 8 ਰਿਸ਼ਤੇਦਾਰਾਂ ਖ਼ਿਲਾਫ਼ ਦਰਜ 498ਏ ਦੇ ਕੇਸ ਨੂੰ ਖਾਰਜ ਕਰ ਦਿੱਤਾ।
ਮਾਮਲੇ 'ਚ ਔਰਤ ਨੇ ਆਪਣੇ ਪਤੀ ਦੇ 8 ਰਿਸ਼ਤੇਦਾਰਾਂ 'ਤੇ ਦਾਜ ਉਤਪੀੜਨ ਦਾ ਦੋਸ਼ ਲਗਾਇਆ ਸੀ। ਅਦਾਲਤ ਨੇ ਔਰਤ ਦੇ ਪਤੀ ਅਤੇ ਉਸ ਦੀ ਮਾਂ ਖ਼ਿਲਾਫ਼ ਦੋਸ਼ਾਂ 'ਚ ਕਾਰਵਾਈ ਜਾਰੀ ਰੱਖਣ ਦਾ ਆਦੇਸ਼ ਦਿੱਤਾ। ਹਾਈ ਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਦੋਸ਼ ਔਰਤ ਦੇ ਪਤੀ ਅਤੇ ਸੱਸ ਖ਼ਿਲਾਫ਼ ਹਨ। ਅਜਿਹਾ ਨਹੀਂ ਲੱਗਦਾ ਕਿ ਹੋਰ ਦੋਸ਼ੀ ਵੀ ਇਸ ਮਾਮਲੇ 'ਚ ਸ਼ਾਮਲ ਹਨ, ਕਿਉਂਕਿ ਇਹ ਕਈ ਰਿਸ਼ਤੇਦਾਰ ਜੋੜੇ ਨਾਲ ਉਸ ਸ਼ਹਿਰ 'ਚ ਵੀ ਨਹੀਂ ਰਹਿੰਦੇ। ਇਨ੍ਹਾਂ ਖ਼ਿਲਾਫ਼ ਕੋਈ ਵਿਸ਼ੇਸ਼ ਸਬੂਤ ਵੀ ਨਹੀਂ ਹੈ। ਅਜਿਹੇ 'ਚ ਇਨ੍ਹਾਂ 8 ਰਿਸ਼ਤੇਦਾਰਾਂ ਖ਼ਿਲਾਫ਼ ਉਤਪੀੜਨ ਦਾ ਕੇਸ ਨਹੀਂ ਬਣਦਾ। ਇਨ੍ਹਾਂ ਦੋਸ਼ਾਂ ਖ਼ਿਲਾਫ਼ ਦਰਜ ਮਾਮਲੇ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ। ਔਰਤ ਦੇ ਪਤੀ ਅਤੇ ਸੱਸ ਖ਼ਿਲਾਫ਼ ਮਾਮਲਾ ਚੱਲਦਾ ਰਹੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e