ਸ਼ਰਾਬੀ ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ, 8 ਸਾਲ ਦੇ ਬੇਟੇ ਨੇ ਪੁਲਸ ਨੂੰ ਦੱਸੀ ਮਾਂ ਦੀ ਮੌਤ ਦੀ ਕਹਾਣੀ

06/27/2017 11:01:12 AM

ਰਾਏਪੁਰ— ਇੱਥੇ ਇਕ ਸ਼ਖਸ ਨੇ ਸ਼ਰਾਬ ਦੇ ਨਸ਼ੇ 'ਚ ਆਪਣੀ ਪਤਨੀ ਦੀ ਡੰਡੇ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਕਤਲ ਦੇ ਸਮੇਂ ਦੋਸ਼ੀ ਦਾ 8 ਸਾਲ ਦਾ ਬੇਟਾ ਅਤੇ 2 ਸਾਲ ਦੀ ਬੇਟੀ ਵੀ ਮੌਜੂਦ ਸੀ। ਘਟਨਾ ਖਮਤਰਈ ਦੇ ਰਾਵਭਾਟਾ ਦੀ ਹੈ। ਇੱਥੇ ਪੁਲਸ ਨੂੰ 28 ਸਾਲਾ ਇਕ ਔਰਤ ਦੀ ਲਾਸ਼ ਉਸ ਦੇ ਘਰੋਂ ਮਿਲੀ। ਔਰਤ ਨੂੰ ਡੰਡੇ ਨਾਲ ਕੁੱਟ-ਕੁੱਟ ਕੇ ਬੇਰਹਿਮੀ ਨਾਲ ਕੁੱਟਿਆ ਗਿਆ ਸੀ। ਜਦੋਂ ਪੁਲਸ ਨੇ ਡਰੇ-ਸਹਿਮੇ ਮ੍ਰਿਤਕਾ ਦੇ 8 ਸਾਲ ਦੇ ਬੇਟੇ ਤੋਂ ਪੁੱਛਿਆ ਤਾਂ ਉਸ ਨੇ ਮੌਤ ਦਾ ਕਾਰਨ ਦੱਸ ਦਿੱਤਾ। ਪੁਲਸ ਅਨੁਸਾਰ ਇੱਥੇ ਨਰੇਸ਼ ਪਾਰਧੀ ਆਪਣੀ ਪਤਨੀ ਉਰਮਿਲਾ ਪਾਰਧੀ ਅਤੇ ਬੱਚਿਆਂ ਨਾਲ ਰਹਿੰਦਾ ਸੀ। ਦੋਸ਼ੀ ਰਾਵਭਾਟਾ ਮਵਾਨੀ ਟਰੇਡਰਸ ਇੰਡਸਟ੍ਰੀਅਲ ਏਰੀਆ 'ਚ ਕੰਮ ਕਰਦਾ ਸੀ। ਉੱਥੇ ਹੀ ਲੇਬਰ ਕੁਆਰਟਰ 'ਚ ਰਹਿੰਦਾ ਸੀ।
ਬੀਤੀ ਰਾਤ ਪਤੀ-ਪਤਨੀ ਨੇ ਸ਼ਰਾਬ ਪੀਤੀ ਅਤੇ ਚਿਕਨ ਬਣਾ ਕੇ ਖਾਧਾ। ਦੇਰ ਰਾਤ ਦੋਹਾਂ 'ਚ ਵਿਵਾਦ ਹੋ ਗਿਆ। ਨਸ਼ੇ 'ਚ ਦੋਸ਼ੀ ਨੇ ਉਰਮਿਲਾ ਨੂੰ ਡੰਡੇ ਨਾਲ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਮੌਕੇ 'ਤੇ ਮੌਤ ਹੋ ਗਈ। ਉਸ ਨੂੰ ਮਰਿਆ ਦੇਖ ਕੇ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ। ਦੋਸ਼ੀ ਕਵਰਧਾ ਦਾ ਰਹਿਣ ਵਾਲਾ ਹੈ। ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਉੱਥੇ ਗਿਆ ਹੋਵੇਗਾ। ਪਤਾ ਕੀਤਾ ਤਾਂ ਦੋਸ਼ੀ ਉੱਥੇ ਨਹੀਂ ਗਿਆ ਸੀ। ਪੁਲਸ ਉਸ ਦੀ ਤਲਾਸ਼ ਕਰ ਰਹੀ ਹੈ। ਦੂਜੇ ਪਾਸੇ ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਬੇਟੇ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।


Related News