ਪਤੀ ਨੇ ਪਤਨੀ ਦੇ ਪ੍ਰੇਮੀ ਦਾ ਕੀਤਾ ਕਤਲ, ਫਿਰ ਲਾਸ਼ ਜੰਗਲ ''ਚ ਦਫ਼ਨਾਈ
Wednesday, Jun 07, 2023 - 06:28 PM (IST)
ਮੁੰਬਈ (ਭਾਸ਼ਾ)- ਇਕ ਵਿਅਕਤੀ ਨੇ ਆਪਣੀ ਪਤਨੀ ਦੇ 38 ਸਾਲਾ ਪ੍ਰੇਮੀ ਦਾ ਕਤਲ ਕਰ ਦਿੱਤਾ ਅਤੇ ਫਿਰ ਉਸ ਦੀ ਲਾਸ਼ ਠਾਣੇ ਜ਼ਿਲ੍ਹੇ ਦੇ ਇਕ ਜੰਗਲ 'ਚ ਦਫ਼ਨਾ ਦਿੱਤੀ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਹ ਘਟਨਾ ਇਕ ਜੂਨ ਨੂੰ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਮਤਾ ਨਗਰ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਿਨੇਸ਼ ਪ੍ਰਜਾਪਤੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਦੋਸ਼ੀ ਸੁਰੇਸ਼ ਕੁਮਾਰ ਕੁਮਾਵਤ ਦੀ ਪਤਨੀ ਨਾਲ ਸੰਬੰਧ ਸੀ। ਸਾਰੇ ਬੋਰੀਵਲੀ ਦੇ ਰਾਜੇਂਦਰ ਨਗਰ ਇਲਾਕੇ ਦੇ ਵਾਸੀ ਸਨ। ਉਨ੍ਹਾਂ ਦੱਸਿਆ ਕਿ ਕੁਮਾਵਤ ਨੇ ਪ੍ਰਜਾਪਤੀ ਨੂੰ ਇਸ ਸੰਬੰਧ ਨੂੰ ਲੈ ਕੇ ਚਿਤਾਵਨੀ ਵੀ ਦਿੱਤੀ ਸੀ ਪਰ ਪ੍ਰਜਾਪਤੀ ਨੇ ਚਿਤਾਵਨੀ ਗੰਭੀਰਤਾ ਨਾਲ ਨਹੀਂ ਲਈ।
ਅਧਿਕਾਰੀ ਨੇ ਦੱਸਿਆ ਕਿ ਕੁਮਾਵਤ ਨੇ ਇਕ ਜੂਨ ਨੂੰ ਪ੍ਰਜਾਪਤੀ ਨੂੰ ਆਪਣੇ ਮੁਹੱਲੇ 'ਚ ਬੁਲਾ ਕੇ ਉਸ ਨਾਲ ਲੜਾਈ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵਿਵਾਦ ਦੌਰਾਨ ਕੁਮਾਵਤ ਨੇ ਪ੍ਰਜਾਪਤੀ 'ਤੇ ਹਮਲਾ ਕੀਤਾ ਅਤੇ ਹਥੌੜੇ ਨਾਲ ਉਸ ਦੇ ਸਿਰ 'ਤੇ ਕਈ ਵਾਰ ਕੀਤੇ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਾਅਦ 'ਚ ਦੋਸ਼ੀ ਲਾਸ਼ ਨੂੰ ਬੋਰੇ 'ਚ ਭਰ ਕੇ ਠਾਣੇ ਦੇ ਘੋੜਬੰਦਰ ਰੋਡ ਲੈ ਗਿਆ ਅਤੇ ਉੱਥੇ ਦੇ ਇਕ ਜੰਗਲ 'ਚ ਦਫ਼ਨਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜਦੋਂ ਪ੍ਰਜਾਪਤੀ ਘਰ ਨਹੀਂ ਪਰਤਿਆ, ਉਦੋਂ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਉਨ੍ਹਾਂ ਦੱਸਿਆ ਕਿ ਐੱਫ.ਆਈ.ਆਰ. ਦਰਜ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਇਲਾਕੇ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ। ਫੁਟੇਜ ਦੇ ਇਕ ਕਲਿੱਪ 'ਚ ਕੁਮਾਵਤ ਆਪਣੇ ਘਰੋਂ ਬਾਹਰ ਆਉਂਦਾ ਅਤੇ ਆਪਣੇ ਸਕੂਟਰ 'ਤੇ ਬੋਰੇ 'ਚ ਭਰ ਕੇ ਕੁਝ ਲੈ ਕੇ ਜਾਂਦੇ ਹੋਏ ਦਿੱਸਿਆ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਬਾਅਦ 'ਚ ਕੁਮਾਵਤ ਨੂੰ ਪੁੱਛ-ਗਿੱਛ ਲਈ ਬੁਲਾਇਆ, ਜਿੱਥੇ ਉਸ ਦੇ ਕਤਲ ਦੀ ਗੱਲ ਕਬੂਲ ਕਰ ਲਈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਆਈ.ਪੀ.ਸੀ. ਦੀ ਧਾਰਾ 302 (ਕਤਲ) ਅਤੇ ਧਾਰਾ 201 (ਅਪਰਾਧ ਦੇ ਸਬੂਤਾਂ ਨੂੰ ਗਾਇਬ ਕਰਨ) ਸਮੇਤ ਹੋਰ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ।