ਪਤੀ ਦਾਜ ''ਚ ਮੰਗਦਾ ਸੀ ਫਰਿੱਜ ਅਤੇ ਕੂਲਰ, ਨਹੀਂ ਮਿਲਿਆ ਤਾਂ ਕੱਟ ''ਤੀ ਪਤਨੀ ਦੀ ਗੁੱਤ
Sunday, Apr 20, 2025 - 11:13 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਦਾ ਮੇਕਅੱਪ ਉਸ ਦੇ ਘਰੇਲੂ ਜ਼ਿੰਦਗੀ ਵਿਚ ਵੱਡੀ ਮੁਸੀਬਤ ਦਾ ਕਾਰਨ ਬਣ ਗਿਆ। ਆਪਣੀ ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਜਦੋਂ ਔਰਤ ਨੇ ਆਪਣੇ ਆਈਬਰੋ ਸੈਟ ਕਰਵਾਈ ਤਾਂ ਉਸ ਦੇ ਪਤੀ ਨੇ ਗੁੱਸੇ ਵਿਚ ਆ ਕੇ ਉਸ ਦੀ ਗੁੱਤ ਕੱਟ ਦਿੱਤੀ ਅਤੇ ਫਿਰ ਮੌਕੇ ਤੋਂ ਭੱਜ ਗਿਆ। ਹੁਣ ਪੀੜਤ ਔਰਤ ਦੇ ਪਿਤਾ ਨੇ ਜਵਾਈ ਵਿਰੁੱਧ ਥਾਣੇ 'ਚ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਕੀ ਹੈ ਪੂਰਾ ਮਾਮਲਾ?
ਇਹ ਘਟਨਾ ਹਰਦੋਈ ਦੇ ਸਰਾਏ ਮੁੱਲਾਗੰਜ ਇਲਾਕੇ ਦੀ ਹੈ। ਇੱਥੋਂ ਦੇ ਵਸਨੀਕ ਰਾਧਾਕ੍ਰਿਸ਼ਨ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਸੁਮਨ ਦਾ ਵਿਆਹ ਲਗਭਗ ਇਕ ਸਾਲ ਪਹਿਲਾਂ ਜੁਗਾਪੁਰਵਾ ਥਾਣਾ ਹਰਪਾਲਪੁਰ ਦੇ ਰਹਿਣ ਵਾਲੇ ਰਾਮਪ੍ਰਤਾਪ ਨਾਲ ਕੀਤਾ ਸੀ। ਉਸ ਨੇ ਵਿਆਹ ਦੇ ਸਮੇਂ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ। ਹਾਲਾਂਕਿ ਵਿਆਹ ਤੋਂ ਤੁਰੰਤ ਬਾਅਦ ਸਹੁਰਿਆਂ ਨੇ ਫਰਿੱਜ ਅਤੇ ਕੂਲਰ ਵਰਗੀਆਂ ਵਾਧੂ ਚੀਜ਼ਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਇਹ ਮੰਗ ਪੂਰੀ ਨਹੀਂ ਹੋਈ, ਤਾਂ ਸੁਮਨ ਨੂੰ ਤਾਅਨੇ-ਮਿਹਣਿਆਂ ਅਤੇ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ। ਪਰੇਸ਼ਾਨ ਹੋ ਕੇ ਪਿਤਾ ਰਾਧਾਕ੍ਰਿਸ਼ਨ ਨੇ ਆਪਣੀ ਧੀ ਨੂੰ ਕੁਝ ਸਮਾਂ ਪਹਿਲਾਂ ਪੇਕੇ ਘਰ ਬੁਲਾ ਲਿਆ ਸੀ।
ਮੇਕਅੱਪ ਬਣਿਆ ਲੜਾਈ ਦਾ ਕਾਰਨ
ਇੱਧਰ ਸੁਮਨ ਦੀ ਭੈਣ ਦਾ ਵਿਆਹ ਤੈਅ ਹੋ ਗਿਆ ਸੀ ਅਤੇ ਸੁਮਨ ਇਸ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਸੀ। ਸੁਮਨ ਨੇ ਵਿਆਹ 'ਚ ਚੰਗੀ ਤਰ੍ਹਾਂ ਤਿਆਰ ਹੋਣ ਲਈ ਆਪਣੇ ਆਈਬਰੋ ਸੈੱਟ ਕਰਵਾਈ ਸੀ। ਸ਼ੁੱਕਰਵਾਰ ਦੁਪਹਿਰ 12 ਵਜੇ ਦੇ ਕਰੀਬ ਉਸ ਦਾ ਪਤੀ ਰਾਮਪ੍ਰਤਾਪ ਆਪਣੇ ਸਹੁਰੇ ਘਰ ਪਹੁੰਚਿਆ। ਜਦੋਂ ਉਸ ਨੇ ਸੁਮਨ ਦਾ ਮੇਕਓਵਰ ਦੇਖਿਆ, ਤਾਂ ਉਹ ਭੜਕ ਆ ਗਿਆ। ਇਸ ਮਾਮਲੇ ਨੂੰ ਲੈ ਕੇ ਦੋਵਾਂ ਵਿਚਕਾਰ ਕਾਫ਼ੀ ਬਹਿਸ ਹੋਈ। ਗੁੱਸੇ ਵਿਚ ਆ ਕੇ ਰਾਮਪ੍ਰਤਾਪ ਨੇ ਪਹਿਲਾਂ ਸੁਮਨ ਨੂੰ ਕੁੱਟਿਆ ਅਤੇ ਫਿਰ ਉਸ ਦੀ ਗੁੱਤ ਕੱਟ ਦਿੱਤੀ। ਇਸ ਤੋਂ ਬਾਅਦ ਉਹ ਘਰੋਂ ਭੱਜ ਗਿਆ।
ਸੁਮਨ ਦੇ ਪਿਤਾ ਨੇ ਪੁਲਸ 'ਚ ਦਿੱਤੀ ਸ਼ਿਕਾਇਤ
ਘਟਨਾ ਤੋਂ ਬਾਅਦ ਸੁਮਨ ਦੇ ਪਿਤਾ ਗੁੱਤ ਲੈ ਕੇ ਪੁਲਸ ਸਟੇਸ਼ਨ ਪਹੁੰਚੇ ਅਤੇ ਜਵਾਈ ਰਾਮਪ੍ਰਤਾਪ ਵਿਰੁੱਧ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਸਰੀਰਕ ਹਿੰਸਾ ਦੀ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਬਿਲਗ੍ਰਾਮ ਸਰਕਲ ਅਫਸਰ (ਸੀ.ਓ) ਆਰ.ਪੀ ਸਿੰਘ ਨੇ ਕਿਹਾ ਕਿ ਦੋਸ਼ੀ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਕਾਨੂੰਨੀ ਮਾਹਰ ਕੀ ਕਹਿੰਦੇ ਹਨ?
ਅਜਿਹੀਆਂ ਘਟਨਾਵਾਂ ਇਕ ਵਾਰ ਫਿਰ ਘਰੇਲੂ ਹਿੰਸਾ ਅਤੇ ਦਾਜ ਪ੍ਰਥਾ ਦੀ ਗੰਭੀਰਤਾ ਨੂੰ ਉਜਾਗਰ ਕਰਦੀਆਂ ਹਨ। ਮਾਹਰਾਂ ਮੁਤਾਬਕ ਔਰਤ ਦੇ ਸਰੀਰ ਦੇ ਕਿਸੇ ਵੀ ਹਿੱਸੇ ਇੱਥੋਂ ਤੱਕ ਕਿ ਵਾਲਾਂ ਨੂੰ ਵੀ ਜ਼ਬਰਦਸਤੀ ਛੂਹਣਾ ਮਾਨਸਿਕ ਅਤੇ ਸਰੀਰਕ ਹਿੰਸਾ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।