ਲਾਕਡਾਊਨ ''ਚ ਵਧੇ ਹੋਰ ''ਕਲੇਸ਼'', ਲੂਡੋ ਗੇਮ ''ਚ ਹਾਰੇ ਪਤੀ ਨੇ ਪਤਨੀ ਦੀ ਤੋੜੀ ਰੀੜ੍ਹ ਦੀ ਹੱਡੀ
Monday, Apr 27, 2020 - 02:31 PM (IST)
ਵੜੋਦਰਾ— ਕੋਰੋਨਾ ਵਾਇਰਸ ਕਰ ਕੇ ਪੂਰਾ ਦੇਸ਼ ਲਾਕਡਾਊਨ ਹੈ। ਲਾਕਡਾਊਨ ਕਾਰਨ ਲੋਕ ਘਰਾਂ 'ਚ ਕੈਦ ਹਨ। ਘਰਾਂ 'ਚ ਬੰਦ ਲੋਕ ਆਪਣਾ ਸਮਾਂ ਬਿਤਾਉਣ ਲਈ ਇੰਟਰਨੈੱਟ ਦਾ ਸਹਾਰਾ ਲੈ ਰਹੇ ਹਨ। ਕੋਈ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਿਹਾ ਹੈ। ਲੋਕ ਆਨਲਾਈਨ ਲੂਡੋ ਗੇਮਜ਼ ਟਾਈਮਪਾਸ ਅਤੇ ਮਨੋਰੰਜਨ ਲਈ ਖੇਡ ਰਹੇ ਹਨ ਪਰ ਗੁਜਰਾਤ ਦੇ ਵੜੋਦਰਾ ਵਿਚ ਇਹ ਇਕ ਪਰਿਵਾਰ ਲਈ ਕਲੇਸ਼ ਦਾ ਕਾਰਨ ਬਣ ਗਿਆ। ਆਨਲਾਈਨ ਲੂਡੋ ਗੇਮ ਵਿਚ ਪਤਨੀ ਨੇ ਆਪਣੇ ਪਤੀ ਨੂੰ ਹਰਾ ਦਿੱਤਾ ਤਾਂ ਦੋਹਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਝਗੜਾ ਇੰਨਾ ਵਧ ਗਿਆ ਕਿ ਪਤੀ ਨੇ ਪਤਨੀ ਦੀ ਕੁੱਟ-ਕੁੱਟ ਕੇ ਰੀੜ੍ਹ ਦੀ ਹੱਡੀ ਤੋੜ ਦਿੱਤੀ। ਜਿਸ ਤੋਂ ਬਾਅਦ ਪਤਨੀ ਨੂੰ ਹਸਪਤਾਲ ਲਿਜਾਇਆ ਗਿਆ।
ਕੌਂਸਲਰ ਮੁਤਾਬਕ 181 ਅਭੈਮ ਹੈਲਪਲਾਈਨ ਨੰਬਰ 'ਤੇ ਆਈ ਸ਼ਿਕਾਇਤ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਦੱਸਿਆ ਗਿਆ ਕਿ 24 ਸਾਲਾ ਔਰਤ ਵੇਮਾਲੀ ਦੀ ਰਹਿਣ ਵਾਲੀ ਹੈ। ਉਹ ਘਰ ਦੀ ਆਮਦਨੀ 'ਚ ਯੋਗਦਾਨ ਪਾਉਣ ਲਈ ਘਰਾਂ 'ਚ ਟਿਊਸ਼ਨ ਪੜ੍ਹਾਉਣ ਦਾ ਕੰਮ ਕਰਦੀ ਹੈ। ਉਸ ਦਾ ਪਤੀ ਇਲੈਕਟ੍ਰਾਨਿਕ ਕੰਪਨੀ 'ਚ ਕੰਮ ਕਰਦਾ ਹੈ। ਲਾਕਡਾਊਨ 'ਚ ਇਨ੍ਹੀਂ ਦਿਨੀਂ ਉਹ ਘਰ 'ਚ ਹੀ ਰਹਿ ਰਹੇ ਹਨ। ਦੋਹਾਂ ਨੇ ਟਾਈਮਪਾਸ ਲਈ ਆਨਲਾਈਨ ਲੂਡੋ ਗੇਮ ਖੇਡਣ ਦਾ ਫੈਸਲਾ ਲਿਆ ਸੀ। ਇਸ ਗੇਮ ਵਿਚ ਪਤਨੀ ਨੇ ਆਪਣੇ ਪਤੀ ਨੂੰ ਖੇਡ 'ਚ 3 ਤੋਂ 4 ਰਾਊਂਡ ਲਗਾਤਾਰ ਹਰਾਇਆ। ਵਾਰ-ਵਾਰ ਹਰਾਉਣ ਤੋਂ ਬਾਅਦ ਨਾਰਾਜ਼ ਪਤੀ ਨੇ ਪਤਨੀ ਨਾਲ ਝਗੜਾ ਸ਼ੁਰੂ ਕਰ ਦਿੱਤਾ।
ਦੋਹਾਂ ਵਿਚਾਲੇ ਝਗੜਾ ਇੰਨਾ ਵੱਧ ਗਿਆ ਕਿ ਗੱਲ ਕੁੱਟਮਾਰ ਤਕ ਪਹੁੰਚ ਗਈ। ਪਤੀ ਨੇ ਪਤਨੀ ਨੂੰ ਇੰਨਾ ਕੁੱਟਿਆ ਕਿ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਬਾਅਦ ਵਿਚ ਗਲਤੀ ਦਾ ਅਹਿਸਾਸ ਹੋਣ 'ਤੇ ਪਤੀ ਆਪਣੀ ਪਤਨੀ ਨੂੰ ਹਸਪਤਾਲ ਲੈ ਕੇ ਪੁੱਜਾ। ਪਤਨੀ ਨੇ ਹਸਪਤਾਲ ਤੋਂ ਪਤੀ ਦੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਬਾਅਦ ਵਿਚ ਪਤੀ ਨੇ ਉਸ ਤੋਂ ਮੁਆਫ਼ੀ ਮੰਗੀ ਅਤੇ ਫਿਰ ਜਾ ਕੇ ਪਤਨੀ ਘਰ ਜਾਣ ਲਈ ਰਾਜ਼ੀ ਹੋਈ। ਪਤੀ ਨੂੰ ਕੌਂਸਲਰ ਨੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਸ ਨੇ ਅੱਗੇ ਤੋਂ ਕਦੇ ਆਪਣੀ ਪਤਨੀ 'ਤੇ ਹੱਥ ਚੁੱਕਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।