'ਅਮਫਾਨ' ਤੂਫਾਨ : ਬੰਗਲਾਦੇਸ਼ 'ਚ ਅਲਰਟ, 20 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦਾ ਹੁਕਮ

Tuesday, May 19, 2020 - 09:04 AM (IST)

ਢਾਕਾ/ਕਲਕੱਤਾ- ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਵੀ ਚੱਕਰਵਰਤੀ ਤੂਫਾਨ ਅਮਫਾਨ ਨੂੰ ਦੇਖਦੇ ਹੋਏ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਅਤੇ 20 ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਜਾਣ ਦਾ ਹੁਕਮ ਦੇ ਦਿੱਤਾ ਗਿਆ ਹੈ। ਬੰਗਲਾਦੇਸ਼ ਆਫਤ ਪ੍ਰਬੰਧਨ ਮੰਤਰਾਲੇ ਦੇ ਸਕੱਤਰ ਸ਼ਾਹ ਕਮਾਲ ਨੇ ਕਿਹਾ ਕਿ ਦੱਖਣ-ਪੱਛਮੀ ਦੇ 19 ਜ਼ਿਲਿਆਂ ਦੇ ਪ੍ਰਸ਼ਾਸਨ ਨੂੰ ਲੋਕਾਂ ਦੀ ਜਾਨ ਬਚਾਉਣ ਲਈ ਸਾਰੀਆਂ ਤਿਆਰੀਆਂ ਕਰਨ ਲਈ ਕਿਹਾ ਗਿਆ ਹੈ। ਕੱਚੇ ਘਰ, ਕੱਚੀਆਂ ਛੱਤਾਂ, ਨਾਰੀਅਲ ਦੇ ਦਰੱਖਤ, ਬਿਜਲੀ ਦੇ ਖੰਭਿਆਂ ਨੂੰ ਤੇਜ਼ ਹਵਾਵਾਂ ਛੇਤੀ ਤੋੜ ਦਿੰਦੀਆਂ ਹਨ ਤੇ ਇਨ੍ਹਾਂ ਦੇ ਡਿਗਣ ਨਾਲ ਜਾਨ-ਮਾਲ ਦਾ ਨੁਕਸਾਨ ਹੋ ਜਾਂਦਾ ਹੈ।

ਮੌਸਮ ਵਿਭਾਗ ਮੁਤਾਬਕ ਅਮਫਾਨ ਪੱਛਮੀ ਬੰਗਾਲ ਅਤੇ ਓਡੀਸਾ ਦੇ ਸਮੁੰਦਰੀ ਤਟਾਂ 'ਤੇ ਦਸਤਕ ਦੇ ਸਕਦਾ ਹੈ। ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਚੱਕਰਵਾਤੀ ਤੂਫਾਨ ਨਾਲ ਦੋਹਾਂ ਸੂਬਿਆਂ ਦੇ ਤਟੀ ਜ਼ਿਲਿਆਂ ਵਿਚ ਵੱਡੇ ਪੱਧਰ 'ਤੇ ਨੁਕਸਾਨ ਹੋ ਸਕਦਾ ਹੈ। ਇਹ 24 ਘੰਟਿਆਂ ਵਿਚ ਭਿਆਨਕ ਰੂਪ ਲੈ ਸਕਦਾ ਹੈ। 
ਭਾਰਤ ਵਿਚ ਅਮਫਾਨ ਤੂਫਾਨ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਇੱਥੇ ਵੀ 11 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਜਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇਕ ਉੱਚ ਪੱਧਰੀ ਬੈਠਕ ਵਿਚ ਬੰਗਾਲ ਦੀ ਖਾੜੀ ਵਿਚ ਉੱਠੇ ਚੱਕਰਵਾਤੀ ਤੂਫਾਨ ਸਬੰਧੀ ਸਥਿਤੀ ਦੀ ਸਮੀਖਿਆ ਕੀਤੀ। ਸਥਿਤੀ ਨਾਲ ਨਿਜੱਠਣ ਲਈ  ਐੱਨ. ਡੀ. ਆਰ. ਐੱਫ. ਦੀਆਂ 53 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਤਟੀ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ ਤੇ ਸਮੁੰਦਰ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਰੇਲ ਅਤੇ ਬੱਸ ਸੇਵਾਵਾਂ ਦੇ ਰੂਟ ਵੀ ਬਦਲ ਦਿੱਤੇ ਗਏ ਹਨ। 
ਭਾਰਤ ਇਸ ਤੂਫਾਨ ਨੂੰ ਹਲਕੇ ਵਿਚ ਨਹੀਂ ਲੈ ਰਿਹਾ ਕਿਉਂਕਿ 1999 ਵਿਚ ਸੁਪਰ ਸਾਈਕਲੋਨ ਨੇ 9 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ।


Lalita Mam

Content Editor

Related News