ਭੁੱਖ ਨਾਲ ਮੌਤ ਮਾਮਲਾ: ਬੱਚੀਆਂ ਛੱਡ ਗਈਆਂ ਕਈ ਸਵਾਲ

Friday, Jul 27, 2018 - 11:11 AM (IST)

ਭੁੱਖ ਨਾਲ ਮੌਤ ਮਾਮਲਾ: ਬੱਚੀਆਂ ਛੱਡ ਗਈਆਂ ਕਈ ਸਵਾਲ

ਨਵੀਂ ਦਿੱਲੀ—ਪੂਰਬੀ ਦਿੱਲੀ ਦੇ ਮੰਡਾਵਲੀ ਖੇਤਰ ਵਿਚ 3 ਭੈਣਾਂ ਦੀ ਕਥਿਤ ਤੌਰ 'ਤੇ ਭੁੱਖ ਨਾਲ ਹੋਈ ਮੌਤ ਪਿੱਛੋਂ ਕੇਜਰੀਵਾਲ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਈ ਹੈ। 8 ਸਾਲ ਦੀ ਮਾਨਸੀ, 4 ਸਾਲ ਦੀ ਸ਼ਿਖਾ ਅਤੇ 2 ਸਾਲ ਦੀ ਪਾਰੁਲ ਦੀਆਂ ਲਾਸ਼ਾਂ ਘਰ ਦੇ ਇਕ ਕਮਰੇ ਵਿਚੋਂ ਮਿਲੀਆਂ ਸਨ। ਬੱਚੀਆਂ ਦੀ ਮਾਂ ਮਾਨਸਿਕ ਪੱਖੋਂ ਠੀਕ ਨਹੀਂ ਹੈ। 

PunjabKesari
ਉਸ ਨੇ ਕਿਹਾ ਕਿ ਬੱਚੀਆਂ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਭੋਜਨ ਨਹੀਂ ਦਿੱਤਾ ਗਿਆ ਸੀ। ਬੱਚੀਆਂ ਨੂੰ ਖੰਘ ਅਤੇ ਉਲਟੀਆਂ ਦੀ ਸ਼ਿਕਾਇਤ ਸੀ। 
ਪੋਸਟਮਾਰਟਮ ਦੀ ਰਿਪੋਰਟ ਵਿਚ ਕਿਹਾਗਿਆ ਹੈ ਕਿ ਬੱਚੀਆਂ ਦੇ ਪੇਟ ਬਿਲਕੁਲ ਖਾਲੀ ਸਨ। ਉਥੇ ਭੋਜਨ ਦਾ ਕੋਈ ਅੰਸ਼ ਵੀ ਨਹੀਂ ਸੀ।  ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਮੁਤਾਬਕ ਬੱਚੀਆਂ ਨੇ ਸ਼ਾਇਦ ਪਿਛਲੇ 7-8 ਦਿਨਾਂ ਤੋਂ ਕੁਝ ਵੀ ਨਹੀਂ ਖਾਧਾ ਸੀ। ਉਕਤ ਇਲਾਕਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਵਿਧਾਨ ਸਭਾ ਹਲਕੇ ਵਿਚ ਆਉਂਦਾ ਹੈ। ਸਿਸੋਦੀਆ ਨੇ ਬੱਚੀਆਂ ਦੀ ਮਾਂ ਨਾਲ ਮੁਲਾਕਾਤ ਕਰਨ ਪਿੱਛੋਂ ਕਿਹਾ ਕਿ ਗਰੀਬੀ ਅਤੇ ਭੁੱਖਮਰੀ ਕਾਰਨ ਤਿੰਨਾਂ ਭੈਣਾਂ ਦੀ ਮੌਤ ਸਾਡੇ ਲਈ ਵੱਡੇ ਸਦਮੇ ਅਤੇ ਚਿੰਤਾ ਵਾਲੀ ਗੱਲ ਹੈ। ਸਰਕਾਰ ਵਲੋਂ ਬੱਚੀਆਂ ਦੀ ਮਾਂ ਨੂੰ ਤੁਰੰਤ 25 ਹਜ਼ਾਰ ਰੁਪਏ ਦੀ ਰਾਹਤ ਦਿੱਤੀ ਗਈ ਹੈ। ਉਸ ਦੇ ਇਲਾਜ ਦਾ ਸਾਰਾ ਖਰਚ ਸਰਕਾਰ ਦੇਵੇਗੀ। ਬੱਚੀਆਂ ਦੇ ਪਿਤਾ ਦਾ ਵੀਰਵਾਰ ਰਾਤ ਤੱਕ ਵੀ ਕੁਝ ਪਤਾ ਨਹੀਂ ਲੱਗਾ ਸੀ।

PunjabKesari
ਸਿਸੋਦੀਆ ਨੇ ਕਿਹਾ ਕਿ ਇਸ ਗੱਲ ਦਾ ਪਤਾ ਲਾਇਆ ਜਾਏਗਾ ਕਿ ਏਜੰਸੀਆਂ ਨੂੰ ਇਸ ਪਰਿਵਾਰ ਦੀ ਗਰੀਬੀ ਬਾਰੇ ਜਾਣਕਾਰੀ ਸੀ ਜਾਂ ਨਹੀਂ। ਦਿੱਲੀ ਵਿਚ ਮੁੜ ਤੋਂ ਅਜਿਹੀ ਘਟਨਾ ਵਾਪਰਨੋਂ ਰੋਕਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।
ਦਿੱਲੀ ਕਾਂਗਰਸ ਦੇ ਪ੍ਰਧਾਨ ਅਜੇ ਮਾਕਨ ਅਤੇ ਹੋਰਨਾਂ ਆਗੂਆਂ ਨੇ ਮ੍ਰਿਤਕ ਬੱਚੀਆਂ ਦੀ ਮਾਤਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਵਿਚ ਤਿੰਨ ਬੱਚੀਆਂ ਦੀ ਭੁੱਖਮਰੀ ਨਾਲ ਮੌਤ ਬੇਹੱਦ ਦੁਖਦਾਈ ਗੱਲ ਹੈ। ਇਸ ਦਾ ਜਵਾਬ ਦਿੱਲੀ ਅਤੇ ਕੇਂਦਰ ਦੋਵਾਂ ਸਰਕਾਰਾਂ ਨੂੰ ਦੇਣਾ ਹੋਵੇਗਾ। ਉਪ ਮੁੱਖ ਮੰਤਰੀ ਦੇ ਹਲਕੇ ਵਿਚ ਇਸ ਘਟਨਾ ਦਾ ਵਾਪਰਨਾ ਹੋਰ ਵੀ ਸ਼ਰਮਨਾਕ ਹੈ। ਕੇਜਰੀਵਾਲ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਇਸ ਪਰਿਵਾਰ ਕੋਲ ਰਾਸ਼ਨ ਕਾਰਡ ਵੀ ਨਹੀਂ ਸੀ। 


Related News