ਸੜਕ 'ਤੇ ਪਏ ਮਿਲੇ 100 ਅਤੇ 500 ਦੇ ਨੋਟ, ਲੋਕਾਂ ਨੂੰ ਪਈਆਂ ਭਾਜੜਾਂ
Sunday, Apr 12, 2020 - 01:54 PM (IST)

ਰਾਏਬਰੇਲੀ (ਵਾਰਤਾ)— ਉੱਤਰ ਪ੍ਰਦੇਸ਼ (ਯੂ. ਪੀ.) 'ਚ ਰਾਏਬਰੇਲੀ ਦੇ ਲਾਲਗੰਜ ਖੇਤਰ 'ਚ ਐਤਵਾਰ ਨੂੰ ਸੜਕ 'ਤੇ 100-100 ਅਤੇ 500-500 ਦੇ ਨੋਟ ਮਿਲਣ 'ਤੇ ਕੋਰੋਨਾ ਵਾਇਰਸ ਫੈਲਾਉਣ ਨੂੰ ਲੈ ਕੇ ਲੋਕਾਂ 'ਚ ਭਾਜੜਾਂ ਪੈ ਗਈਆਂ। ਪੁਲਸ ਸੂਤਰਾਂ ਨੇ ਦੱਸਿਆ ਕਿ ਲਾਲਗੰਜ ਦੇ ਸਾਕੇਤ ਨਗਰ 'ਚ ਵੱਡੇ ਨਾਲੇ ਤੋਂ ਕਾਨਪੁਰ ਰੋਡ ਦੀ ਲਿੰਕ ਰੋਡ 'ਤੇ ਸਵੇਰੇ ਇਕ ਘਰ ਦੇ ਸਾਹਮਣੇ ਸੜਕ 'ਤੇ 100-100 ਅਤੇ 500-500 ਦੇ ਕੁਝ ਨੋਟ ਥੋੜ੍ਹੀ-ਥੋੜ੍ਹੀ ਦੂਰ ਪਏ ਮਿਲੇ, ਜਿਸ ਕਾਰਨ ਆਲੇ-ਦੁਆਲੇ ਦੇ ਖੇਤਰ ਵਿਚ ਭਾਜੜਾਂ ਪੈ ਗਈਆਂ।
ਇਹ ਵੀ ਪੜ੍ਹੋ : ਮੋਹਾਲੀ ਦੀਆਂ ਸੜਕਾਂ 'ਤੇ ਖਿੱਲਰੇ ਦਿਖੇ 'ਨੋਟ', ਪੰਜਾਬ ਪੁਲਸ ਨੂੰ ਪਿਆ ਸ਼ੱਕ ਕਿਤੇ...!
ਪੁਲਸ ਦਾ ਕਹਿਣਾ ਹੈ ਕਿ ਲੋਕਾਂ ਨੂੰ ਖਦਸ਼ਾ ਇਸ ਗੱਲ ਦਾ ਹੈ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਾਉਣ ਦੀ ਕਿਸੇ ਪੀੜਤ ਵਿਅਕਤੀ ਵਲੋਂ ਕੋਈ ਚਾਲ ਤਾਂ ਨਹੀਂ ਹੈ, ਜਿਸ ਕਾਰਨ ਉਹ ਨੋਟਾਂ ਦਾ ਲਾਲਚ ਦੇ ਕੇ ਆਲੇ-ਦੁਆਲੇ ਦੇ ਇਲਾਕਿਆਂ 'ਚ ਬੀਮਾਰੀ ਨੂੰ ਫੈਲਾਉਣਾ ਚਾਹੁੰਦੇ ਹਨ। ਲੋਕਾਂ ਨੇ ਨੋਟ ਮਿਲਣ 'ਤੇ 112 ਨੰਬਰ 'ਤੇ ਡਾਇਲ ਕਰ ਕੇ ਪੁਲਸ ਨੂੰ ਸੂਚਿਤ ਕਰ ਦਿੱਤਾ। ਇਸ ਸਬੰਧ 'ਚ ਥਾਣਾ ਮੁਖੀ ਨੇ ਦੱਸਿਆ ਕਿ ਮਾਮਲੇ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਲੋਕਾਂ ਵਲੋਂ ਖਦਸ਼ਾ ਜਤਾਈ ਜਾ ਰਹੀ ਹੈ ਕਿ ਨੋਟ ਸੋਚੀ ਸਮਝੀ ਸਾਜਿਸ਼ ਤਹਿਤ ਰੋਡ 'ਤੇ ਸੁੱਟੇ ਗਏ ਹਨ। ਇਸ ਨਾਲ ਮੁਹੱਲੇ ਵਾਲਿਆਂ 'ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਦਹਿਸ਼ਤ ਫੈਲਾਉਣ ਲਈ ਨੋਟ ਸੁੱਟਣਾ ਵੀ ਇਕ ਹਥਿਆਰ ਦੇ ਰੂਪ 'ਚ ਵਰਤਿਆ ਜਾ ਰਿਹਾ ਹੈ। ਪੁਲਸ ਦਾ ਮੰਨਣਾ ਹੈ ਕਿ ਛੇਤੀ ਹੀ ਇਸ ਮਾਮਲੇ ਦਾ ਪਰਦਾਫਾਸ਼ ਹੋਵੇਗਾ ਅਤੇ ਲੋਕ ਅਸਲੀਅਤ ਨਾਲ ਰੂ-ਬ-ਰੂ ਹੋਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੋਹਾਲੀ 'ਚ ਵੀ ਇਸ ਤਰ੍ਹਾਂ ਨੋਟ ਖਿੱਲਰੇ ਮਿਲੇ ਸਨ।