ਦਿੱਲੀ ''ਚ ਸ਼ੁਰੂ ਹੋਇਆ ''ਹੁਨਰ ਹਾਟ'', ਨਕਵੀ ਬੋਲੇ- ਦੇਸੀ ਉਤਪਾਦ ਹੀ ਗਲੋਬਲ ਪਹਿਚਾਣ
Wednesday, Nov 11, 2020 - 04:46 PM (IST)

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਕਾਰਜ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਬੁੱਧਵਾਰ ਯਾਨੀ ਕਿ ਅੱਜ ਦਿੱਲੀ ਵਿਖੇ 'ਹੁਨਰ ਹਾਟ' ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਦੇਸੀ ਉਤਪਾਦ ਹੀ ਇਸ ਆਯੋਜਨ ਦੀ 'ਲੋਕਲ ਸ਼ਾਨ' ਅਤੇ 'ਗਲੋਬਲ ਪਹਿਚਾਣ' ਹਨ। ਪੀਤਮਪੁਰਾ ਦੇ ਦਿੱਲੀ ਹਾਟ 'ਚ ਆਯੋਜਿਤ ਇਸ ਹੁਨਰ ਹਾਟ ਦੇ ਉਦਘਾਟਨ ਸਮਾਰੋਹ 'ਚ ਰਾਜ ਮੰਤਰੀ ਕਿਰੇਨ ਰਿਜਿਜੂ ਵੀ ਹਾਜ਼ਰ ਸਨ। ਇਸ ਮੌਕੇ 'ਤੇ ਨਕਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਨਰ ਹਾਟ 'ਲੋਕਲ ਲਈ ਵੋਕਲ' ਦੇ ਸੰਕਲਪ ਨਾਲ ਦੇਸ਼ ਦੇ ਸ਼ਿਲਪਕਾਰੀ, ਕਾਰੀਗਰ ਦੇ ਦੇਸੀ ਉਤਪਾਦਾਂ ਨੂੰ ਹੱਲਾ-ਸ਼ੇਰੀ ਦੇਣ ਅਤੇ 'ਆਤਮ ਨਿਰਭਰ ਭਾਰਤ' ਮਿਸ਼ਨ ਨੂੰ ਮਜ਼ਬੂਤ ਕਰਨ ਦਾ ਪ੍ਰਭਾਵੀ ਪਲੇਟਫ਼ਾਰਮ ਸਾਬਤ ਹੋ ਰਿਹਾ ਹੈ। ਉਨ੍ਹਾਂ ਮੁਤਾਬਕ ਕੋਰੋਨਾ ਵਾਇਰਸ ਦੀਆਂ ਚੁਣੌਤੀਆਂ ਦੇ ਚੱਲਦੇ ਲੱਗਭਗ 7 ਮਹੀਨਿਆਂ ਤੋਂ ਬਾਅਦ 'ਹੁਨਰ ਹਾਟ' ਦਾ ਆਯੋਜਨ ਹੋਣ ਨਾਲ ਦੇਸ਼ ਦੇ ਲੱਖਾਂ, ਦੇਸੀ ਵਿਰਾਸਤ ਦੇ ਉਸਤਾਦ ਸ਼ਿਲਪਕਾਰਾਂ ਵਿਚ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'
ਨਕਵੀ ਨੇ ਕਿਹਾ ਕਿ ਇਸ ਹੁਨਰ ਹਾਟ ਵਿਚ ਮਿੱਟੀ, ਧਾਤੂ ਸਬੰਧੀ ਉਤਪਾਦ ਖਿੱਚ ਦਾ ਕੇਂਦਰ ਹਨ। ਇਸ ਵਿਚ ਮਿੱਟੀ ਨਾਲ ਬਣੇ ਖ਼ਿਡੌਣੇ ਅਤੇ ਹੋਰ ਉਤਪਾਦ, ਘੁੰਮਿਆਰ ਕਲਾ ਦੀ ਜਾਦੂਗਰੀ, ਧਾਤੂ ਨਾਲ ਬਣੇ ਵੱਖ-ਵੱਖ ਉਤਪਾਦ ਅਤੇ ਦੇਸ਼ ਦੇ ਕੋਨੇ-ਕੋਨੇ ਤੋਂ ਲੱਕੜ, ਜੂਟ, ਬਾਂਸ ਨਾਲ ਬਣੇ ਉਤਪਾਦ ਈ-ਪਲੇਟਫ਼ਾਰਮ ਅਤੇ ਵਰਚੂਅਲ ਪਲੇਟਫ਼ਾਰਮ 'ਤੇ ਵੀ ਉਪਲੱਬਧ ਹਨ। ਨਕਵੀ ਨੇ ਕਿਹਾ ਕਿ ਦੇਸ਼ ਦੇ ਹਰ ਖੇਤਰ ਵਿਚ ਦੇਸੀ ਉਤਪਾਦ ਦੀ ਬਹੁਤ ਪੁਰਾਣੀ ਅਤੇ ਪੁਸ਼ਤੈਨੀ ਪਰੰਪਰਾ ਰਹੀ ਹੈ, ਉਹ ਗੁਆਚ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਨੇ ਭਾਰਤ ਦੇ ਦੇਸੀ ਉਦਯੋਗ 'ਚ ਨਵੀਂ ਜਾਨ ਫੂਕੀ ਹੈ। ਨਕਵੀ ਨੇ ਇਹ ਵੀ ਕਿਹਾ ਕਿ ਇਸ ਆਯੋਜਨ ਵਿਚ ਸਮਾਜਿਕ ਦੂਰੀ ਅਤੇ ਕੋਰੋਨਾ ਵਾਇਰਸ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਦੀਵਾਲੀ ਦੀਆਂ ਤਿਆਰੀਆਂ ਦੌਰਾਨ ਘਰ 'ਚ ਪੈ ਗਿਆ ਚੀਕ-ਚਿਹਾੜਾ, ਮਾਸੂਮ ਦੀ ਦਰਦਨਾਕ ਮੌਤ