ਇਨਸਾਨੀ ਖੂਨ ਦੇ ਨਾਂ ''ਤੇ ਭੇਡਾਂ ਤੇ ਬੱਕਰੀਆਂ ਦਾ ਖੂਨ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼; 3 ਗ੍ਰਿਫਤਾਰ
Friday, Jan 09, 2026 - 12:08 PM (IST)
ਹੈਦਰਾਬਾਦ- ਹੈਦਰਾਬਾਦ ਪੁਲਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਭੇਡਾਂ ਅਤੇ ਬੱਕਰੀਆਂ ਦਾ ਖੂਨ ਕੱਢ ਕੇ ਉਸ 'ਤੇ 'ਇਨਸਾਨੀ ਖੂਨ' (Human Blood) ਦਾ ਲੇਬਲ ਲਗਾ ਕੇ ਵੇਚਦਾ ਸੀ। ਪੁਲਸ ਨੇ ਇਸ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਖੂਨ ਦੇ 130 ਪੈਕੇਟ ਬਰਾਮਦ ਕੀਤੇ ਹਨ।
ਸਰਿੰਜਾਂ ਰਾਹੀਂ ਕੱਢਦੇ ਸਨ ਖੂਨ
ਇਹ ਗੈਰ-ਕਾਨੂੰਨੀ ਧੰਦਾ ਹੈਦਰਾਬਾਦ ਦੇ ਕੀਸਰਾ ਪੁਲਸ ਸਟੇਸ਼ਨ ਇਲਾਕੇ ਦੀ ਸਤਿਆਨਾਰਾਇਣ ਕਲੋਨੀ 'ਚ ਇਕ ਮਟਨ ਦੀ ਦੁਕਾਨ 'ਤੇ ਚੱਲ ਰਿਹਾ ਸੀ। ਮੁਲਜ਼ਮ ਅੱਧੀ ਰਾਤ ਨੂੰ ਜ਼ਿੰਦਾ ਭੇਡਾਂ ਅਤੇ ਬੱਕਰੀਆਂ 'ਚੋਂ ਸਰਿੰਜਾਂ ਰਾਹੀਂ ਖੂਨ ਕੱਢ ਕੇ ਪੈਕ ਕਰਦੇ ਸਨ। ਹਰੇਕ ਜਾਨਵਰ 'ਚੋਂ ਲਗਭਗ 1000 ਮਿਲੀਲੀਟਰ ਖੂਨ ਕੱਢਿਆ ਜਾਂਦਾ ਸੀ ਅਤੇ ਇਹ ਕੰਮ ਬਿਨਾਂ ਕਿਸੇ ਡਾਕਟਰੀ ਨਿਗਰਾਨੀ ਜਾਂ ਇਜਾਜ਼ਤ ਦੇ ਕੀਤਾ ਜਾਂਦਾ ਸੀ।
2000 ਰੁਪਏ ਪ੍ਰਤੀ ਲੀਟਰ ਦੀ ਕੀਮਤ 'ਤੇ ਵਿਕਦਾ ਸੀ ਖੂਨ
ਇਹ ਗੈਰ-ਕਾਨੂੰਨੀ ਕਾਰੋਬਾਰ ਪਿਛਲੇ ਇਕ ਸਾਲ ਤੋਂ ਚੱਲ ਰਿਹਾ ਸੀ, ਜੋ ਸਿਰਫ ਰਾਤ ਵੇਲੇ ਜਾਂ ਹਫਤੇ ਦੇ ਅੰਤ (ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰ) ਨੂੰ ਹੁੰਦਾ ਸੀ। ਇਸ ਖੂਨ ਨੂੰ 2000 ਰੁਪਏ ਪ੍ਰਤੀ ਲੀਟਰ ਦੀ ਕੀਮਤ 'ਤੇ ਵੇਚਿਆ ਜਾਂਦਾ ਸੀ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਨ੍ਹਾਂ ਪੈਕੇਟਾਂ 'ਤੇ 'ਇਨਸਾਨੀ ਖੂਨ' ਦਾ ਲੇਬਲ ਲਗਾਇਆ ਗਿਆ ਸੀ, ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।
ਮੁਲਜ਼ਮਾਂ ਦੇ ਦਾਅਵੇ ਅਤੇ ਪੁਲਸ ਦੀ ਕਾਰਵਾਈ
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦਾਅਵਾ ਕੀਤਾ ਕਿ ਉਹ ਇਹ ਖੂਨ ਲੈਬਾਰਟਰੀਆਂ ਨੂੰ SBA (Sheep Blood Agar) ਤਿਆਰ ਕਰਨ ਲਈ ਸਪਲਾਈ ਕਰਦੇ ਸਨ, ਜਿਸ ਦੀ ਵਰਤੋਂ ਮਾਈਕ੍ਰੋਬਾਇਓਲੋਜੀ 'ਚ ਬੈਕਟੀਰੀਆ ਦੀ ਜਾਂਚ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਪੁਲਸ ਦਾ ਕਹਿਣਾ ਹੈ ਕਿ ਖੂਨ ਇਕੱਠਾ ਕਰਨ ਲਈ ਕਿਸੇ ਵੀ ਸਫਾਈ ਜਾਂ ਮਾਨਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ। ਖੂਨ ਨੂੰ ਜੰਮਣ ਤੋਂ ਰੋਕਣ ਵਾਲੀਆਂ ਦਵਾਈਆਂ (anticoagulants) ਦੀ ਵਰਤੋਂ ਕਰਕੇ ਫਰਿੱਜ 'ਚ ਸਟੋਰ ਕੀਤਾ ਗਿਆ ਸੀ। ਪੁਲਿਸ ਨੇ ਸਿਹਤ, ਪਸ਼ੂ ਭਲਾਈ ਅਤੇ ਖੁਰਾਕ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੂਨ ਕਿਹੜੀਆਂ ਲੈਬਾਂ ਜਾਂ ਲੋਕਾਂ ਨੂੰ ਵੇਚਿਆ ਜਾਂਦਾ ਸੀ ਅਤੇ ਇਸ ਪਿੱਛੇ ਹੋਰ ਕਿਹੜੇ ਮੁੱਖ ਦੋਸ਼ੀ ਸ਼ਾਮਲ ਹਨ। ਜਾਨਵਰਾਂ ਦਾ ਖੂਨ ਕਿਸੇ ਵੀ ਕੀਮਤ 'ਤੇ ਇਨਸਾਨੀ ਸਰੀਰ ਲਈ ਨਹੀਂ ਵਰਤਿਆ ਜਾ ਸਕਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
