ਦੇਸ਼ ’ਚ ਕੈਂਸਰ ਦੇ ਮਾਮਲਿਆਂ ’ਚ ਵਾਧੇ ਦਾ ਮੁੱਖ ਕਾਰਨ ਬਣਦਾ ਜਾ ਰਿਹਾ ਹੈ ‘ਹਿਊਮਨ ਪੈਪੀਲੋਮਾ-ਵਾਇਰਸ’
Monday, Jun 30, 2025 - 12:43 AM (IST)
 
            
            ਨਵੀਂ ਦਿੱਲੀ, (ਭਾਸ਼ਾ)- ਭਾਰਤ ਦੇ ਕਈ ਕੈਂਸਰ ਮਾਹਿਰਾਂ ਨੇ ‘ਹਿਊਮਨ ਪੈਪੀਲੋਮਾ-ਵਾਇਰਸ’ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਨੌਜਵਾਨ ਭਾਰਤੀਆਂ ਖਾਸ ਕਰ ਕੇ 20 ਤੋਂ 30 ਸਾਲ ਦੀ ਉਮਰ ਦੇ ਲੋਕਾਂ ਚ ਕੈਂਸਰ ਦੇ ਮਾਮਲਿਆਂ ’ਚ ਵਾਧੇ ਦਾ ਇਕ ਵੱਡਾ ਕਾਰਕ ਬਣਦਾ ਜਾ ਰਿਹਾ ਹੈ।
ਸਰਵਾਈਕਲ, ਮੂੰਹ ਦੇ ਕੈਂਸਰ ਅਤੇ ਸਿਰ ਤੇ ਗਲੇ ਦੇ ਕੈਂਸਰ ਦੇ ਬਹੁਤ ਸਾਰੇ ਮਾਮਲੇ ਇਨਫੈਕਸ਼ਨ ਨਾਲ ਸਬੰਧਤ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਭਾਰਤ ਇਕ ਰੋਕਥਾਮਯੋਗ ਕੈਂਸਰ ਸੰਕਟ ਬਣ ਜਾਵੇਗਾ।
ਅੈਮਰਿਕਸ ਕੈਂਸਰ ਹਸਪਤਾਲ, ਨਵੀਂ ਦਿੱਲੀ ਦੇ ਮੈਡੀਕਲ ਅਾਨਕੋਲੋਜੀ ਦੇ ਮੁਖੀ ਡਾ. ਆਸ਼ੀਸ਼ ਗੁਪਤਾ ਨੇ ਕਿਹਾ ਕਿ ‘ਹਿਊਮਨ ਪੈਪੀਲੋਮਾ-ਵਾਇਰਸ’ ਨਾਲ ਸਬੰਧਤ ਕੈਂਸਰ ਉਮੀਦ ਤੋਂ ਬਹੁਤ ਪਹਿਲਾਂ ਦਿਖਾਈ ਦੇ ਰਹੇ ਹਨ। 20 ਸਾਲ ਦੀ ਉਮਰ ਦੇ ਬਹੁਤ ਸਾਰੇ ਮਰੀਜ਼ਾਂ ’ਚ ਸਰਵਾਈਕਲ, ਮੂੰਹ ਤੇ ਗਲੇ ਦੇ ਕੈਂਸਰ ਦਾ ਪਤਾ ਲਗਾ ਰਿਹਾ ਹੈ। ਇਨ੍ਹਾਂ ’ਚੋਂ ਬਹੁਤਿਆਂ ਨੂੰ ਸਮੇਂ ਸਿਰ ਟੀਕਾਕਰਨ ਨਾਲ ਤੇ ਸਹੀ ਜਾਗਰੂਕਤਾ ਨਾਲ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ।
ਡਾ. ਗੁਪਤਾ ਨੇ ਕਿਹਾ ਕਿ ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ‘ਹਿਊਮਨ ਪੈਪੀਲੋਮਾ-ਵਾਇਰਸ’ ਨੂੰ ਰੋਕਿਆ ਜਾ ਸਕਦਾ ਹੈ ਪਰ ਬਹੁਤ ਸਾਰੇ ਪਰਿਵਾਰ ਤੇ ਵਿਅਕਤੀ ਇਸ ਦੇ ਖਤਰੇ ਤੋਂ ਅਣਜਾਣ ਹਨ। ਦਹਾਕਿਆਂ ਤੋਂ ਵਿਕਸਤ ਹੋਣ ਵਾਲੇ ਹੋਰ ਕੈਂਸਰਾਂ ਦੇ ਉਲਟ, ਨੌਜਵਾਨਾਂ ’ਚ ‘ਹਿਊਮਨ ਪੈਪੀਲੋਮਾ-ਵਾਇਰਸ’ ਸਬੰਧਤ ਕੈਂਸਰ ਅਕਸਰ ਤੇਜ਼ੀ ਨਾਲ ਤੇ ਚੁੱਪਚਾਪ ਵਧਦੇ ਹਨ। ਟੀਕਾਕਰਨ ਤੇ ਜਲਦੀ ਪਤਾ ਲਾਉਣ ਰਾਹੀਂ ਰੋਕਥਾਮ ਨੂੰ ਕਿਸੇ ਵੀ ਰਾਸ਼ਟਰੀ ਸਿਹਤ ਐਮਰਜੈਂਸੀ ਵਾਂਗ ਜ਼ਰੂਰੀ ਤੌਰ ’ਤੇ ਲਿਆ ਜਾਣਾ ਚਾਹੀਦਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            