10 ਮਿੰਟ ''ਚ ਵਿੱਕੀਆਂ ਹਾਵੜਾ-ਦਿੱਲੀ ਏ.ਸੀ.-1 ਅਤੇ ਏ.ਸੀ.-3 ਦੀਆਂ ਸਾਰੀਆਂ ਟਿਕਟਾਂ
Monday, May 11, 2020 - 10:39 PM (IST)
ਨਵੀਂ ਦਿੱਲੀ (ਭਾਸ਼ਾ) : ਆਈ.ਆਰ.ਸੀ.ਟੀ.ਸੀ. ਨੇ ਆਪਣੀ ਵੈੱਬਸਾਈਟ 'ਤੇ ਸੋਮਵਾਰ ਸ਼ਾਮ 6 ਵਜੇ ਤੋਂ ਬਾਅਦ 12 ਮਈ ਤੋਂ ਚੱਲਣ ਵਾਲੀਆਂ ਵਿਸ਼ੇਸ਼ ਟਰੇਨਾਂ ਲਈ ਬੁਕਿੰਗ ਸ਼ੁਰੂ ਕੀਤੀ ਅਤੇ ਹਾਵੜਾ-ਨਵੀਂ ਦਿੱਲੀ ਮਾਰਗ ਦੀ ਟਰੇਨ ਦੇ ਏ.ਸੀ.-1 ਅਤੇ ਏ.ਸੀ.-3 ਦੀਆਂ ਸਾਰੀਆਂ ਟਿਕਟਾਂ 10 ਮਿੰਟਾਂ ਦੇ ਅੰਦਰ ਵਿਕ ਗਈਆਂ। ਟਿਕਟਾਂ ਦੀ ਬੁਕਿੰਗ ਪਹਿਲਾਂ ਸ਼ਾਮ 4 ਵਜੇ ਤੋਂ ਸ਼ੁਰੂ ਹੋਣੀ ਸੀ ਪਰ ਕੁਝ ਤਕਨੀਕੀ ਦਿੱਕਤਾਂ ਕਾਰਣ ਉਸ 'ਚ ਦੇਰੀ ਹੋਈ। ਸ਼ਾਮ ਕਰੀਬ 6 ਵਜੇ ਆਈ.ਆਰ.ਸੀ.ਟੀ.ਸੀ. ਨੇ ਸੂਚਿਤ ਕੀਤਾ ਹੈ ਕਿ ਬੁਕਿੰਗ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗੀ।
ਹਾਵੜਾ-ਨਵੀਂ ਦਿੱਲੀ ਟਰੇਨ ਮੰਗਲਵਾਰ ਨੂੰ ਹਾਵੜਾ ਤੋਂ ਪੰਜ ਵਜ ਕੇ 5 ਮਿੰਟ 'ਤੇ ਰਵਾਨਾ ਹੋਣ ਵਾਲੀ ਹੈ। ਵੈੱਬਸਾਈਟ 'ਤੇ ਟਿਕਟ ਉਪਲੱਬਧਤਾ ਜਾਂਚਣ 'ਤੇ ਪਤਾ ਚੱਲਿਆ ਕਿ ਭੁਵਨੇਸ਼ਵਰ-ਨਵੀ ਦਿੱਲੀ ਵਿਸ਼ੇਸ਼ ਟਰੇਨ ਦੇ ਏ.ਸੀ.-1 ਅਤੇ ਏ.ਸੀ.-3 ਦੀਆਂ ਟਿਕਟਾਂ ਵੀ ਸ਼ਾਮ ਸਾਢੇ ਛੇ ਵਜੇ ਤਕ ਵਿਕ ਚੁੱਕੀਆਂ ਸਨ। ਬੁਕਿੰਗ 'ਚ ਦੇਰੀ 'ਤੇ ਆਈ.ਆਰ.ਸੀ.ਟੀ.ਸੀ. ਨੇ ਸਪੱਸ਼ਟੀਕਰਣ ਦਿੰਦੇ ਹੋਏ ਸ਼ਾਮ ਕਰੀਬ ਪੌਣੇ ਪੰਜ ਵਜੇ ਟਵੀਟ ਕੀਤਾ, ਵਿਸ਼ੇਸ਼ ਟਰੇਨਾਂ (ਡਾਟਾ) ਅਪਲੋਡ ਕੀਤੀਆਂ ਜਾ ਰਹੀਆਂ ਹਨ। ਬੁਕਿੰਗ ਜਲਦੀ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਕਿ ਵੈੱਬਸਾਈਟ ਕ੍ਰੈਸ਼ ਨਹੀਂ ਹੋਈ ਹੈ, ਬਲਕਿ ਡਾਟਾ ਅਪਲੋਡ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਯਾਤਰੀਆਂ ਨੂੰ ਉਡੀਕ ਕਰਨ ਦੀ ਬੇਨਤੀ ਕੀਤੀ ਹੈ।