USA 'ਚ 'ਹਾਉਡੀ ਮੋਦੀ', PM ਨੂੰ ਸੁਣਨ ਲਈ ਆਉਣਗੇ 50 ਹਜ਼ਾਰ ਤੋਂ ਵੱਧ ਲੋਕ
Saturday, Sep 21, 2019 - 09:06 AM (IST)
ਵਾਸ਼ਿੰਗਟਨ— ਯੂ. ਐੱਸ. 'ਚ ਪੋਪ ਫ੍ਰਾਂਸਿਸ ਤੋਂ ਬਾਅਦ ਪਹਿਲੀ ਵਾਰ ਕੋਈ ਵਿਦੇਸ਼ੀ ਨੇਤਾ ਵੱਡੀ ਗਿਣਤੀ 'ਚ ਲੋਕਾਂ ਨੂੰ ਸੰਬੋਧਨ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੈਕਸਾਸ ਦੇ ਹਿਊਸਟਨ 'ਚ ਸਭ ਤੋਂ ਵੱਡੇ ਸਟੇਡੀਅਮ ਐੱਨ. ਆਰ. ਜੀ. 'ਚ 50,000 ਤੋਂ ਵੱਧ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਦਾ ਆਯੋਜਨ ਅਮਰੀਕਾ ਚ ਰਹਿ ਰਹੇ ਭਾਰਤੀ ਲੋਕਾਂ ਵੱਲੋਂ ਕੀਤਾ ਗਿਆ ਹੈ, ਜਿਸ 'ਚ ਯੂ. ਐੱਸ. ਰਾਸ਼ਟਰਪਤੀ ਡੋਨਾਲਡ ਟਰੰਪ ਵੀ ਸ਼ਿਰਕਤ ਕਰਨਗੇ।
ਅਮਰੀਕਾ ਦੇ ਹਿਊਸਟਨ ਮੋਦੀ-ਮੋਦੀ ਦੇ ਨਾਅਰੇ ਨਾਲ ਗੂੰਜ ਰਿਹਾ ਹੈ। 'ਹਾਉਡੀ ਮੋਦੀ' ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਇਕ ਵੱਡੀ ਸਟੇਜ ਬਣਾਈ ਗਈ ਹੈ, ਜਿੱਥੋਂ ਮੋਦੀ ਭਾਸ਼ਣ ਦੇਣਗੇ। ਪੀ. ਐੱਮ. ਮੋਦੀ ਦੇ ਭਾਸ਼ਣ ਤੋਂ ਪਹਿਲਾਂ ਇੱਥੇ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ। ਟਰੰਪ ਨਾਲ ਉੱਥੋਂ ਦੇ ਕਈ ਸੰਸਦ ਮੈਂਬਰ ਵੀ ਇਸ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਟਰੰਪ ਵੀ ਇਸ ਪ੍ਰੋਗਰਾਮ ਨੂੰ ਸੰਬੋਧਨ ਕਰਨਗੇ।
ਪੀ. ਐੱਮ. ਮੋਦੀ ਸ਼ੁੱਕਰਵਾਰ ਸ਼ਾਮ ਨੂੰ ਅਮਰੀਕਾ ਲਈ ਰਵਾਨਾ ਹੋ ਚੁੱਕੇ ਹਨ। ਉਹ ਭਾਰਤੀ ਸਮੇਂ ਮੁਤਾਬਕ ਸਵੇਰੇ 11 ਵਜੇ ਜਾਰਜ ਬੁਸ਼ ਇੰਟਰਨੈਸ਼ਨਲ ਏਅਰਪੋਰਟ ਹਿਊਸਟਨ ਪੁੱਜਣਗੇ। ਉਹ ਐਤਵਾਰ ਯਾਨੀ 22 ਸਤੰਬਰ ਨੂੰ ਸਵੇਰੇ 10 ਵਜੇ (ਅਮਰੀਕੀ ਸਮੇਂ ਮੁਤਾਬਕ) ਇਸ ਖਾਸ ਪ੍ਰੋਗਰਾਮ 'ਚ ਹਿੱਸਾ ਲੈਣਗੇ। ਲੋਕ ਸਭਾ ਚੋਣਾਂ 2019 'ਚ ਰਿਕਾਰਡ ਜਿੱਤ ਹਾਸਲ ਕਰਨ ਮਗਰੋਂ ਮੋਦੀ ਦਾ ਇਹ ਪਹਿਲਾ ਅਮਰੀਕਾ ਦੌਰਾ ਹੈ। 27 ਸਤੰਬਰ ਨੂੰ ਪੀ. ਐੱਮ. ਮੋਦੀ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਵੀ ਸੰਬੋਧਨ ਕਰਨਗੇ। ਹਿਊਸਟਨ 'ਚ ਲੋਕ ਪੂਰੇ ਉਤਸ਼ਾਹ ਨਾਲ ਪੀ. ਐੱਮ. ਮੋਦੀ ਦਾ ਇੰਤਜ਼ਾਰ ਕਰ ਰਹੇ ਹਨ। ਐੱਨ. ਆਰ. ਜੀ. ਸਟੇਡੀਅਮ 'ਚ ਲਗਾਤਾਰ ਤਿਆਰੀਆਂ ਚੱਲ ਰਹੀਆਂ ਹਨ ਅਤੇ 1500 ਵਲੰਟੀਅਰ ਕੰਮ ਕਰ ਰਹੇ ਹਨ।