ਟੰਬਲਰ ਰਿਜ਼ ਗੋਲਾਬਾਰੀ: ਮ੍ਰਿਤਕਾਂ ਚੋਂ 8 ਪੀੜਤਾਂ ਦੀ ਸ਼ਨਾਖਤ
Friday, Feb 13, 2026 - 05:44 AM (IST)
ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਪਹਾੜੀ ਸ਼ਹਿਰ ਟੰਬਲਰ ਰਿਜ਼ ਵਿੱਚ ਹੋਈ ਭਿਆਨਕ ਗੋਲਾਬਾਰੀ ਦੀ ਮੰਦਭਾਗੀ ਘਟਨਾ ਵਿੱਚ ਮਾਰੇ ਗਏ 8 ਲੋਕਾਂ ਦੀ ਪਛਾਣ ਪੁਲਸ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਪੂਰੇ ਕੈਨੇਡਾ ਵਿੱਚ ਸੋਗ ਅਤੇ ਸਦਮੇ ਦੀ ਲਹਿਰ ਹੈ।
ਪੁਲਸ ਵੱਲੋਂ ਜਾਰੀ ਕੀਤੇ ਬਿਆਨ ਮੁਤਾਬਕ ਅਚਾਨਕ ਹੋਈ ਗੋਲਾਬਾਰੀ ਦੌਰਾਨ ਮਰਨ ਵਾਲਿਆਂ ਵਿੱਚ ਕਈ ਨਾਬਾਲਿਗ ਵੀ ਸ਼ਾਮਲ ਹਨ, ਜਿਸ ਕਾਰਨ ਇਹ ਹਾਦਸਾ ਹੋਰ ਵੀ ਦਰਦਨਾਕ ਬਣ ਗਿਆ ਹੈ। ਪੁਲਸ ਵੱਲੋਂ ਹੁਣ ਤੱਕ ਜਾਰੀ ਕੀਤੇ ਨਾਂਵਾਂ ਵਿੱਚ ਐਬਲ ਮਵਾਂਸਾ, ਏਜ਼ੀਕਿਯਲ ਸਕੋਫੀਲਡ, ਜੋਈ ਬੈਨੁਆ, ਜੈਨੀਫਰ ਜੇਕਬਸ, ਜੈਨੀਫਰ ਸਟਰੈਂਗ, ਐਮਟ ਜੇਕਬਸ ਅਤੇ ਕਾਈਲੀ ਸਮਿਥ ਸ਼ਾਮਲ ਹਨ। ਬਾਕੀ ਪੀੜਤਾਂ ਦੀ ਜਾਣਕਾਰੀ ਵੀ ਪਰਿਵਾਰਕ ਸਹਿਮਤੀ ਤੋਂ ਬਾਅਦ ਜਾਰੀ ਕੀਤੀ ਜਾਵੇਗੀ। ਘਟਨਾ ਤੋਂ ਬਾਅਦ ਸਥਾਨਕ ਸਕੂਲਾਂ, ਦਫ਼ਤਰਾਂ ਅਤੇ ਸਰਕਾਰੀ ਸੰਸਥਾਵਾਂ ਵਿੱਚ ਸ਼ੋਕ ਸਭਾਵਾਂ ਆਯੋਜਿਤ ਕੀਤੀਆਂ ਗਈਆਂ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਮੋਮਬੱਤੀਆਂ ਜਗਾ ਕੇ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਅਤੇ ਕੇਂਦਰੀ ਸਰਕਾਰ ਦੇ ਆਗੂਆਂ ਨੇ ਇਸ ਘਟਨਾ ਦੀ ਕੜੀ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਤਾਈ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਹਾਦਸਾ ਪੂਰੇ ਦੇਸ਼ ਲਈ ਵੱਡਾ ਸਦਮਾ ਹੈ ਅਤੇ ਸਰਕਾਰ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ। ਪੁਲਸ ਵੱਲੋਂ ਘਟਨਾ ਦੀ ਗਹਿਰਾਈ ਨਾਲ ਜਾਂਚ ਲਗਾਤਾਰ ਜਾਰੀ ਹੈ।
