ਸੁਰੱਖਿਆ ਪ੍ਰੀਸ਼ਦ ’ਚ ਕਦੋਂ ਤੱਕ 188 ਦੇਸ਼ਾਂ ਦੀ ਸਮੂਹਿਕ ਆਵਾਜ਼ ਨੂੰ ਦਬਾਉਂਦੇ ਰਹਿਣਗੇ 5 ਦੇਸ਼ : ਭਾਰਤ
Sunday, Feb 18, 2024 - 01:00 PM (IST)
ਸੰਯੁਕਤ ਰਾਸ਼ਟਰ, (ਭਾਸ਼ਾ)- ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਵਿਆਪਕ ਸੁਧਾਰ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਵਾਲ ਕੀਤਾ ਕਿ ਇਸ ਸ਼ਕਤੀਸ਼ਾਲੀ ਅੰਤਰਰਾਸ਼ਟਰੀ ਸੰਸਥਾ ਦੇ ਪੰਜ ਸਥਾਈ ਮੈਂਬਰਾਂ ਦੇ ਕੌਮਾਂਤਰੀ ਸੰਗਠਨ 188 ਮੈਂਬਰ ਦੇਸ਼ਾਂ ਦੀ ਸਮੂਹਿਕ ਆਵਾਜ਼ ਨੂੰ ਕਦੋਂ ਤੱਕ ਕੁਚਲਦੇ ਰਹਿਣਗੇੇ। ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪੰਜ ਸਥਾਈ ਮੈਂਬਰ ਹਨ। ਉਨ੍ਹਾਂ ਕੋਲ ਵਿਸ਼ੇਸ਼ ਵੀਟੋ ਦਾ ਅਧਿਕਾਰ ਹੈ ਅਤੇ ਸੁਰੱਖਿਆ ਪ੍ਰੀਸ਼ਦ ਵਿਚ ਫੈਸਲੇ ਲੈਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਹੈ।
ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ‘ਸੁਰੱਖਿਆ ਪ੍ਰੀਸ਼ਦ ’ਚ ਸੁਧਾਰ ’ਤੇ ਅੰਤਰ-ਸਰਕਾਰੀ ਸੰਵਾਦ’ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ 15 ਦੇਸ਼ਾਂ ਵਾਲੇ ਸੰਯੁਕਤ ਰਾਸ਼ਟਰ ਸੰਸਥਾ ’ਚ ਸੁਧਾਰ ਲਈ ਗਲੋਬਲ ਯਤਨਾਂ ਦੀ ਨੀਂਹ ਸਾਂਝੀ ਹੋਣੀ ਚਾਹੀਦੀ ਹੈ ਤਾਂ ਹੀ ਸਾਂਝਾ ਨਜ਼ਰੀਆ ਹੋ ਸਕਦਾ ਹੈ।