ਸਰਕਾਰੀ ਹਸਪਤਾਲ ''ਚ ਲੱਗ ਗਈ ਅੱਗ ! 3 ਨਵਜੰਮਿਆਂ ਦੀ ਮੌਤ, CM ਰੈੱਡੀ ਨੇ ਜਤਾਇਆ ਦੁੱਖ

Tuesday, Sep 22, 2026 - 02:49 PM (IST)

ਸਰਕਾਰੀ ਹਸਪਤਾਲ ''ਚ ਲੱਗ ਗਈ ਅੱਗ ! 3 ਨਵਜੰਮਿਆਂ ਦੀ ਮੌਤ, CM ਰੈੱਡੀ ਨੇ ਜਤਾਇਆ ਦੁੱਖ

ਨੈਸ਼ਨਲ ਡੈਸਕ- ਤੇਲੰਗਾਨਾ ਦੇ ਆਦਿਲਾਬਾਦ ਜ਼ਿਲ੍ਹੇ 'ਚ ਸਥਿਤ 'ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼' (RIMS) ਦੀ ਸਪੈਸ਼ਲ ਨਿਊਬੌਰਨ ਕੇਅਰ ਯੂਨਿਟ 'ਚ ਅੱਗ ਲੱਗਣ ਕਾਰਨ 3 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਹੈ। ਪੁਲਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਪੁਲਸ ਅਧਿਕਾਰੀਆਂ ਅਨੁਸਾਰ, ਸੋਮਵਾਰ ਦੇਰ ਰਾਤ ਯੂਨਿਟ 'ਚ ਲੱਗੇ ਏਅਰ ਕੰਡੀਸ਼ਨਰ (AC) 'ਚ ਅਚਾਨਕ ਧਮਾਕਾ ਹੋਇਆ, ਜਿਸ ਕਾਰਨ ਅੱਗ ਫੈਲ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। 

ਹਾਦਸੇ ਸਮੇਂ ਯੂਨਿਟ 'ਚ ਦਾਖ਼ਲ 27 ਬੱਚਿਆਂ ਨੂੰ ਤੁਰੰਤ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ 'ਚ ਭੇਜਿਆ ਗਿਆ, ਜਿਨ੍ਹਾਂ 'ਚੋਂ ਇੱਕ ਸਮੇਂ ਤੋਂ ਪਹਿਲਾਂ ਜਨਮੇ ਬੱਚੇ ਨੂੰ ਹਸਪਤਾਲ ਪਹੁੰਚਦਿਆਂ ਹੀ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਦੋ ਹੋਰ ਬੱਚਿਆਂ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ। ਇਸ ਤੋਂ ਇਲਾਵਾ 20 ਬੱਚੇ ਅਜੇ ਵੀ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। 4 ਬੱਚਿਆਂ ਦੀ ਸਥਿਤੀ ਸਥਿਰ ਹੋਣ ਤੋਂ ਬਾਅਦ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਘਰ ਲੈ ਗਏ ਹਨ। ਸਾਰੇ ਬੱਚਿਆਂ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈੱਡੀ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਪ੍ਰਭਾਵਿਤ ਬੱਚਿਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਦਸੇ ਦੀ ਜਾਂਚ ਰਿਪੋਰਟ ਸੌਂਪਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਆਦੇਸ਼ ਵੀ ਦਿੱਤੇ ਹਨ।


author

Harpreet SIngh

Content Editor

Related News