ਲਖਨਊ ’ਚ ਕਾਰ ਪਾਰਕਿੰਗ ਦੇ ਵਿਵਾਦ ’ਚ ਗੋਲੀਬਾਰੀ, 3 ਦੀ ਮੌਤ
Monday, Oct 26, 2026 - 08:44 PM (IST)
ਲਖਨਊ, (ਸ. ਹ.)-ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਸਆਦਤਗੰਜ ਇਲਾਕੇ ’ਚ ਸੋਮਵਾਰ ਨੂੰ ਖਾਲੀ ਜ਼ਮੀਨ ’ਤੇ ਕਾਰ ਖੜ੍ਹੀ ਕਰਨ ਨੂੰ ਲੈ ਕੇ ਵਿਵਾਦ ਦੌਰਾਨ ਗੋਲੀਬਾਰੀ ਹੋਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ ਲੱਗਭਗ ਸਾਢੇ 10 ਵਜੇ ਨੌਬਸਤਾ ਦੇ ਬ੍ਰਾਹਮਣੀ ਟੋਲਾ ਇਲਾਕੇ ’ਚ ਹੋਈ, ਜਿੱਥੇ ਖਾਲੀ ਜ਼ਮੀਨ ’ਤੇ ਕਾਰ ਖੜ੍ਹੀ ਕਰਨ ਨੂੰ ਲੈ ਕੇ 2 ਧਿਰਾਂ ਵਿਚਾਲੇ ਵਿਵਾਦ ਹੋ ਗਿਆ, ਜੋ ਦੇਖਦੇ ਹੀ ਦੇਖਦੇ ਹਿੰਸਕ ਰੂਪ ’ਚ ਬਦਲ ਗਿਆ। ਪੁਲਸ ਦੇ ਇਕ ਬਿਆਨ ਅਨੁਸਾਰ, ਵਿਵਾਦ ਦੌਰਾਨ ਮੁਲਜ਼ਮ ਰਿਸ਼ਭ ਸ਼ੁਕਲਾ (30) ਨੇ ਨਾਜਾਇਜ਼ ਪਿਸਤੌਲ ਨਾਲ ਸ਼ਿਵਾਜੀ ਤਿਵਾੜੀ (62), ਸ਼ਿਵੇਂਦਰ ਤਿਵਾੜੀ (55) ਅਤੇ ਸੁਯਸ਼ ਤਿਵਾੜੀ (30) ਨੂੰ ਗੋਲੀਆਂ ਮਾਰ ਦਿੱਤੀਆਂ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਤਿੰਨੋਂ ਜ਼ਖਮੀਆਂ ਨੂੰ ਐਂਬੂਲੈਂਸ ਤੇ ਪੁਲਸ ਵਾਹਨਾਂ ਦੀ ਮਦਦ ਨਾਲ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇ. ਜੀ. ਐੱਮ. ਯੂ.) ਦੇ ਟਰੌਮਾ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਘਟਨਾ ਸਥਾਨ ਦੀ ਘੇਰਾਬੰਦੀ ਕਰ ਕੇ ਮੁਲਜ਼ਮ ਨੂੰ ਮੌਕੇ ’ਤੇ ਹੀ ਹਿਰਾਸਤ ’ਚ ਲੈ ਲਿਆ। ਪੁਲਸ ਮੁਤਾਬਕ ਮੁਲਜ਼ਮ ਕੋਲੋਂ ਵਾਰਦਾਤ ’ਚ ਵਰਤਿਆ ਗਿਆ ਪਿਸਤੌਲ ਤੇ 4 ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ।
