ਪੰਚਕੂਲਾ ਦੰਗੇ ਅਤੇ ਹਿੰਸਾ ਮਾਮਲੇ 'ਚ ਹਨੀਪ੍ਰੀਤ ਨੂੰ ਮਿਲੀ ਜ਼ਮਾਨਤ

11/06/2019 3:52:01 PM

ਪੰਚਕੂਲਾ—ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਨੂੰ ਅੱਜ ਪੰਚਕੂਲਾ ਦੰਗੇ ਅਤੇ ਹਿੰਸਾ ਮਾਮਲੇ 'ਚ ਜ਼ਮਾਨਤ ਮਿਲ ਗਈ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਨੂੰ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਅੰਬਾਲਾ ਜੇਲ 'ਚ ਹਨੀਪ੍ਰੀਤ ਦੀ ਰਿਹਾਈ ਦੇ ਆਰਡਰ ਪਹੁੰਚ ਚੁੱਕੇ ਹਨ। ਹੁਣ ਪਰਿਵਾਰਿਕ ਮੈਂਬਰਾਂ ਦੇ ਪਹੁੰਚਣ ਦਾ ਇੰਤਜ਼ਾਰ ਹੈ। ਸ਼ਾਮ 8 ਵਜੇ ਤੱਕ ਜੇਲ ਪ੍ਰਸ਼ਾਸਨ ਇੰਤਜ਼ਾਰ ਕਰੇਗਾ। ਦੱਸ ਦੇਈਏ ਕਿ ਹਨੀਪ੍ਰੀਤ ਦੇ ਵਕੀਲ ਨੇ ਕੋਰਟ 'ਚ ਜ਼ਮਾਨਤ ਪਟੀਸ਼ਨ ਲਗਾਈ ਸੀ। ਇਸ ਮਾਮਲੇ 'ਚ ਹਨੀਪ੍ਰੀਤ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ ਹੋਈ। ਹਨੀਪ੍ਰੀਤ ਇਸ ਸਮੇਂ ਅੰਬਾਲਾ ਦੀ ਜੇਲ 'ਚ ਬੰਦ ਹੈ।

ਦੱਸਣਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਪੰਚਕੂਲਾ ਹਿੰਸਾ ਮਾਮਲੇ ਸੰਬੰਧੀ ਸੁਣਵਾਈ ਕਰਦੇ ਹੋਏ ਦੇਸ਼ਧ੍ਰੋਹ ਦੀ ਧਾਰਾ ਹਟਾ ਦਿੱਤੀ ਸੀ ਅਤੇ ਸਾਰੇ ਦੋਸ਼ੀਆਂ ਦੇ ਦੋਸ਼ ਤੈਅ ਕੀਤੇ ਗਏ ਸਨ।ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਜ਼ਮਾਨਤ ਲਈ ਹਨੀਪ੍ਰੀਤ ਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਤੇ ਜਦੋਂ ਸੁਣਵਾਈ ਹੋਈ ਤਾਂ ਜਸਟਿਸ ਸੁਰਿੰਦਰ ਗੁਪਤਾ ਨੇ ਫਾਇਲ ਦੇਖਦੇ ਹੀ ਮਾਮਲੇ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ। ਹਨੀਪ੍ਰੀਤ ਦੇ ਵਕੀਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪੱਖ ਰੱਖਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਹਨੀਪ੍ਰੀਤ ਨੇ ਪਟੀਸ਼ਨ 'ਚ ਦੱਸਿਆ ਸੀ ਕਿ ਇਨ੍ਹਾਂ ਦੰਗਿਆਂ ਦੀ ਸਾਜ਼ਿਸ਼ ਰਚੇ ਜਾਣ ਨੂੰ ਲੈ ਕੇ 27 ਅਗਸਤ 2017 ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ, ਤਾਂ ਸ਼ਿਕਾਇਤ ਸਿਰਫ ਅਦਿੱਤਿਆ ਹਿੰਸਾ ਅਤੇ ਸੁਰਿੰਦਰ ਧੀਮਾਨ ਖਿਲਾਫ ਹੀ ਦਰਜ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ 25 ਅਗਸਤ 2017 ਨੂੰ ਪੰਚਕੂਲਾ 'ਚ ਹੋਏ ਦੰਗਿਆਂ ਦੇ ਮਾਮਲੇ 'ਚ ਹਨੀਪ੍ਰੀਤ ਸਮੇਤ ਸਾਰੇ ਦੋਸ਼ੀਆਂ 'ਤੇ ਸੁਣਵਾਈ ਚੱਲ ਰਹੀ ਹੈ।ਹਨੀਪ੍ਰੀਤ ਸਾਧਵੀਂ ਯੌਨ ਸ਼ੋਸ਼ਣ ਮਾਮਲੇ 'ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਕੀਤੇ ਜਾਣ ਤੋਂ ਬਾਅਦ ਪੰਚਕੂਲਾ 'ਚ ਹਿੰਸਾ ਭੜਕਾਉਣ ਅਤੇ ਦੇਸ਼ ਧ੍ਰੋਹ ਮਾਮਲੇ ਦੀ ਦੋਸ਼ੀ ਹੈ। ਇਸ ਹਿੰਸਾ ਦੌਰਾਨ 36 ਲੋਕਾਂ ਦੀ ਜਾਨ ਗਈ ਸੀ। ਡੇਰਾ ਸਮਰਥਕਾਂ ਨੇ ਕਈ ਗੱਡੀਆਂ, ਪੈਟਰੋਲ ਪੰਪ ਅਤੇ ਦਫਤਰਾਂ 'ਚ ਅੱਗ ਲਗਾਈ ਸੀ। ਪੁਲਸ ਨੇ ਦੰਗੇ ਭੜਕਾਉਣ ਦੇ ਦੋਸ਼ੀ ਹਨੀਪ੍ਰੀਤ ਨੂੰ 38 ਦਿਨਾਂ ਬਾਅਦ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਦੇਸ਼ ਧ੍ਰੋਹ ਅਤੇ ਹੋਰ ਧਾਰਾਵਾਂ 'ਚ ਕੇਸ ਦਰਜ ਕੀਤਾ ਗਿਆ ਸੀ। ਜੇਲ 'ਚ ਬੰਦ ਹਨੀਪ੍ਰੀਤ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਸੁਣਵਾਈ ਹੁੰਦੀ ਸੀ। ਪੁਲਸ ਨੇ ਸ਼ੁਰੂਆਤ 'ਚ 1200 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਸੀ, ਜਿਨ੍ਹਾਂ ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਗਈ, ਉਨ੍ਹਾਂ 'ਚੋਂ ਹਨੀਪ੍ਰੀਤ ਤੋਂ ਇਲਾਵਾ ਸੁਖਦੀਪ ਕੌਰ, ਰਾਕੇਸ਼ ਕੁਮਾਰ ਅਰੋੜਾ, ਸੁਰਿੰਦਰ ਧੀਮਾਨ ਇੰਸਾ, ਚਮਕੌਰ ਸਿੰਘ, ਦਾਨ ਸਿੰਘ, ਗੋਵਿੰਦ ਰਾਮ, ਪ੍ਰਦੀਪ ਗੋਇਲ ਹਿੰਸਾ ਅਤੇ ਖੈਰਾਤੀ ਲਾਲ 'ਤੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਗਏ ਸਨ। 


Iqbalkaur

Content Editor

Related News