ਜੇਕਰ ਸਮਲਿੰਗੀ ਵਿਆਹਾਂ ਨੂੰ ਮਿਲੀ ਕਾਨੂੰਨੀ ਮਾਨਤਾ ਤਾਂ ਹੋਰ ਵਧੇਗਾ ਇਹ 'ਵਿਕਾਰ', ਸਰਵੇਖਣ 'ਚ ਵੱਡਾ ਦਾਅਵਾ
Saturday, May 06, 2023 - 10:41 AM (IST)
ਨਵੀਂ ਦਿੱਲੀ (ਭਾਸ਼ਾ)- ਕਈ ਡਾਕਟਰਾਂ ਅਤੇ ਸਹਿਯੋਗੀ ਮੈਡੀਕਲ ਪੇਸ਼ੇਵਰ ਸਮਲਿੰਗਕਤਾ ਨੂੰ ਇਕ 'ਵਿਕਾਰ' ਮੰਨਦੇ ਹਨ, ਜੋ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਸੂਰਤ 'ਚ ਸਮਾਜ 'ਚ ਹੋਰ ਵਧੇਗਾ। ਇਹ ਦਾਅਵਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੀ ਮਹਿਲਾ ਸ਼ਾਖਾ ਨਾਲ ਸੰਬੰਧਤ ਸੰਗਠਨ 'ਸੰਵਰਧਿਨੀ ਨਿਆਸ' ਦੇ ਸਰਵੇਖਣ 'ਚ ਕੀਤਾ ਗਿਆ ਹੈ। ਆਰ.ਐੱਸ.ਐੱਸ. ਦੇ ਸਮਾਨਾਂਤਰ ਮਹਿਲਾ ਸੰਗਠਨ 'ਰਾਸ਼ਟਰ ਸੇਵਿਕਾ ਕਮੇਟੀ' ਦੀ ਇਕ ਸੀਨੀਅਰ ਵਰਕਰ ਨੇ ਕਿਹਾ ਕਿ ਸਰਵੇਖਣ ਦੇ ਨਤੀਜੇ ਦੇਸ਼ ਭਰ ਦੇ ਮੈਡੀਕਲ ਪੇਸ਼ੇਵਰਾਂ ਤੋਂ ਮਿਲੀਆਂ 318 ਪ੍ਰਤੀਕਿਰਿਆਵਾਂ 'ਤੇ ਆਧਾਰਤ ਹਨ, ਜਿਨ੍ਹਾਂ 'ਚ ਆਧੁਨਿਕ ਵਿਗਿਆਨ ਤੋਂ ਲੈ ਕੇ ਆਯੂਰਵੈਦ ਤੱਕ, 8 ਵੱਖ-ਵੱਖ ਇਲਾਜ ਤਰੀਕਿਆਂ ਦੇ ਮੈਡੀਕਲ ਪੇਸ਼ੇਵਰ ਸ਼ਾਮਲ ਹਨ।
ਸੰਵਰਧਿਨੀ ਨਿਆਸ ਅਨੁਸਾਰ, ਸਰਵੇਖਣ 'ਚ ਸ਼ਾਮਲ 70 ਫੀਸਦੀ ਡਾਕਟਰ ਅਤੇ ਸਹਿਯੋਗੀ ਮੈਡੀਕਲ ਪੇਸ਼ੇਵਰ ਨੇ ਸਮਲਿੰਕਤਾ ਨੂੰ ਇਕ ਵਿਕਾਰ ਦੱਸਿਆ, ਜਦੋਂ ਕਿ 83 ਫੀਸਦੀ ਨੇ 'ਸਮਲਿੰਗੀ ਸੰਬੰਧਾਂ' 'ਚ ਯੌਨ ਰੋਗਾਂ ਦੇ ਪ੍ਰਸਾਰਣ ਦੀ ਉੱਚ ਸੰਭਾਵਨਾ ਹੋਣ ਦੀ ਪੁਸ਼ਟੀ ਕੀਤੀ ਹੈ। ਸੰਗਠਨ ਅਨੁਸਾਰ,''ਸਰਵੇਖਣ 'ਚ ਹਿੱਸਾ ਲੈਣ ਵਾਲੇ ਮੈਡੀਕਲ ਪੇਸ਼ੇਵਰਾਂ ਨੇ ਕਿਹਾ ਕਿ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦਾ ਫ਼ੈਸਲਾ ਮਰੀਜ਼ਾਂ ਨੂੰ ਠੀਕ ਕਰਨ ਅਤੇ ਉਨ੍ਹਾਂ ਨੂੰ ਆਮ ਸਥਿਤੀ 'ਚ ਲਿਆਉਣ ਦੀ ਬਜਾਏ ਸਮਾਜ 'ਚ ਇਸ ਵਿਕਾਰ ਨੂੰ ਉਤਸ਼ਾਹ ਦੇ ਸਕਦਾ ਹੈ।'' ਨਿਆਸ ਨੇ ਕਿਹਾ,''ਸਰਵੇਖਣ ਦੇ ਨਤੀਜੇ ਦਰਸਾਉਂਦੇ ਹਨ ਕਿ ਇਸ ਤਰ੍ਹਾਂ ਦੇ ਮਨੋ ਵਿਗਿਆਨੀ ਵਿਕਾਰ ਨਾਲ ਜੂਝ ਰਹੇ ਮਰੀਜ਼ਾਂ ਨੂੰ ਠੀਕ ਕਰਨ ਲਈ ਕਾਊਂਸਲਿਗ ਬਿਹਤਰ ਵਿਕਲਪ ਹੈ।'' ਸਰਵੇਖਣ 'ਚ ਸਮਲਿੰਗੀ ਵਿਆਹਾਂ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ 'ਤੇ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਜਨਤਾ ਦੀ ਰਾਏ ਜਾਣਨ ਦਾ ਸੁਝਾਅ ਦਿੱਤਾ ਗਿਆ ਹੈ। ਨਿਆਸ ਅਨੁਸਾਰ,''ਸਰਵੇਖਣ 'ਚ ਸ਼ਾਮਲ 67 ਫੀਸਦੀ ਡਾਕਟਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸਮਲਿੰਗੀ ਮਾਤਾ-ਪਿਤਾ ਬੱਚਿਆਂ ਦਾ ਚੰਗਾ ਪਾਲਣ ਪੋਸ਼ਣ ਨਹੀਂ ਕਰ ਸਕਣਗੇ।