ਕੁਮਾਰ ਵਿਸ਼ਵਾਸ ਦੇ ਦਾਅਵੇ ਦੀ ਜਾਂਚ ਕਰਵਾਏਗੀ ਕੇਂਦਰ ਸਰਕਾਰ, ਚੰਨੀ ਦੀ ਚਿੱਠੀ ਦਾ ਅਮਿਤ ਸ਼ਾਹ ਨੇ ਦਿੱਤਾ ਜਵਾਬ

Friday, Feb 18, 2022 - 08:56 PM (IST)

ਕੁਮਾਰ ਵਿਸ਼ਵਾਸ ਦੇ ਦਾਅਵੇ ਦੀ ਜਾਂਚ ਕਰਵਾਏਗੀ ਕੇਂਦਰ ਸਰਕਾਰ, ਚੰਨੀ ਦੀ ਚਿੱਠੀ ਦਾ ਅਮਿਤ ਸ਼ਾਹ ਨੇ ਦਿੱਤਾ ਜਵਾਬ

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਚਿੱਠੀ ਦਾ ਜਵਾਬ ਦਿੰਦੇ ਹੋਏ ਆਮ ਆਦਮੀ ਪਾਰਟੀ ਅਤੇ ਪਾਬੰਦੀਸ਼ੁਦਾ ਸਿੱਖ ਫਾਰ ਜਸਟਿਸ ਵਿਚਾਲੇ ਕਥਿਤ ਸੰਬੰਧਾਂ ਦੀ ਜਾਂਚ ਕਰਵਾਉਣ ਦਾ ਵਾਅਦਾ ਕੀਤਾ ਹੈ। ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਮੰਗ ਕੀਤੀ ਸੀ।

ਚੰਨੀ ਨੇ ਟਵੀਟ ਦੇ ਜ਼ਰੀਏ ਲਿਖਿਆ, ‘ਪੰਜਾਬ ਦੇ ਸੀ.ਐੱਮ. ਦੇ ਰੂਪ ’ਚ, ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹਾਂ ਕਿ ਹਾਲ ਹੀ ’ਚ ਕੁਮਾਰ ਵਿਸ਼ਵਾਸ ਨੇ ਜੋ ਕਿਹਾ ਹੈ, ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਨਾਲ ਹੀ ਸਿਆਸਤ ਇਕ ਪਾਸੇ, ਪੰਜਾਬ ਦੇ ਲੋਕਾਂ ਨੇ ਵੱਖਵਾਦ ਨਾਲ ਲੜਦੇ ਹੋਏ ਭਾਰੀ ਕੀਮਤ ਚੁਕਾਈ ਹੈ। ਪੀ.ਐੱਮ. ਨੂੰ ਹਰ ਪੰਜਾਬੀ ਦੀ ਚਿੰਤਾ ਦੂਰ ਕਰਨ ਦੀ ਜ਼ਰੂਰਤ ਹੈ।’

PunjabKesari

ਇਸ ਦੇ ਜਵਾਬ ’ਚ ਗ੍ਰਹਿਮੰਤਰੀ ਅਮਿਤ ਸ਼ਾਹ ਨੇ ਸੀ.ਐੱਮ. ਚੰਨੀ ਨੂੰ ਲਿਖਿਆ ਹੈ, ‘ਇਕ ਸਿਆਸੀ ਪਾਰਟੀ ਦਾ ਦੇਸ਼ ਵਿਰੋਧੀ, ਵੱਖਵਾਦੀ ਅਤੇ ਪਾਬੰਦੀਸ਼ੁਦਾ ਸੰਸਥਾ ਨਾਲ ਸੰਪਰਕ ਰੱਖਣਾ ਅਤੇ ਚੋਣਾਂ ’ਚ ਸਹਿਯੋਗ ਲੈਣਾ ਬਹੁਤ ਗੰਭੀਰ ਹੈ। ਅਜਿਹੇ ਅਨਸਰਾਂ ਦਾ ਏਜੰਡਾ ਦੇਸ਼ ਦੇ ਦੁਸ਼ਮਣਾਂ ਦੇ ਏਜੰਡੇ ਤੋਂ ਵੱਖਰਾ ਨਹੀਂ ਹੈ। ਇਹ ਬਹੁਤ ਹੀ ਨਿੰਦਣਯੋਗ ਹੈ ਕਿ ਅਜਿਹੇ ਲੋਕ ਸੱਤਾ ਹਾਸਲ ਕਰਨ ਲਈ ਵੱਖਵਾਦੀਆਂ ਨਾਲ ਹੱਥ ਮਿਲਾਉਣ ਤੋਂ ਲੈ ਕੇ ਪੰਜਾਬ ਅਤੇ ਦੇਸ਼ ਨੂੰ ਤੋੜਨ ਤੱਕ ਜਾ ਸਕਦੇ ਹਨ।’

ਗ੍ਰਹਿ ਮੰਤਰੀ ਸ਼ਾਹ ਨੇ ਅੱਗੇ ਲਿਖਿਆ, ‘ਇਸ ਵਿਸ਼ੇ ’ਤੇ ਮੈਂ ਤੁਹਾਨੂੰ ਭਰੋਸਾ ਦਵਾਉਂਦਾ ਹਾਂ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ। ਭਾਰਤ ਸਰਕਾਰ ਨੇ ਇਸ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ ਅਤੇ ਮੈਂ ਖੁਦ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹਾਂ।’


 


author

Rakesh

Content Editor

Related News