ਹੋਮਗਾਰਡ ਦੇ ਜਵਾਨਾਂ ਨੂੰ ਮਿਲੇਗੀ ਬਿਨਾਂ ਬਰੇਕ 12 ਮਹੀਨੇ ਦੀ ਡਿਊਟੀ : ਜੈਰਾਮ ਰਮੇਸ਼
Monday, Sep 05, 2022 - 06:40 PM (IST)
ਸੁੰਦਰਨਗਰ (ਸੋਨੀ/ਬਿਊਰੋ)- ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਹੋਮਗਾਰਡ ਜਵਾਨਾਂ ਨੂੰ ਬਿਨਾਂ ਬਰੇਕ ਦੇ ਸਾਲ 'ਚ 12 ਮਹੀਨੇ ਦੀ ਡਿਊਟੀ ਦਿੱਤੀ ਜਾਵੇਗੀ। ਐਤਵਾਰ ਨੂੰ ਸੁੰਦਰਨਗਰ 'ਚ ਸੂਬਾ ਗ੍ਰਹਿ ਰੱਖਿਅਕ ਕਲਿਆਣ ਸੰਘ ਹਿਮਾਚਲ ਪ੍ਰਦੇਸ਼ ਵਲੋਂ ਆਯੋਜਿਤ ਹੋਮਗਾਰਡ ਜਵਾਨਾਂ ਦੇ ਸੂਬਾ ਪੱਧਰੀ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਦੇਸ਼ 'ਚ ਕੁੱਲ 12 ਬਟਾਲੀਅਨਾਂ 'ਚ ਕਰੀਬ 8000 ਹੋਮਗਾਰਡ ਜਵਾਨ ਹਨ। ਉਨ੍ਹਾਂ ਕਿਹਾ ਕਿ ਹੋਮਗਾਰਡ ਦੇ ਜਵਾਨ ਸਾਰੇ ਜ਼ਿਲ੍ਹਿਆਂ 'ਚ ਪੁਲਸ ਦੇ ਸਹਾਇਕ ਵਜੋਂ ਤਾਇਨਾਤ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ 'ਚ ਐਮਰਜੈਂਸੀ ਫ਼ੋਰਸ ਦੇ ਰੂਪ 'ਚ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਸਥਿਤੀ 'ਚ ਨਾਗਰਿਕਾਂ ਦੀ ਸੁਰੱਖਿਆ ਲਈ ਪੁਲਸ ਅਤੇ ਫ਼ੌਜ ਸਮੇਤ ਹੋਰ ਸੁਰੱਖਿਆ ਏਜੰਸੀਆਂ ਦੀ ਮਦਦ ਲਈ ਬਾਂਬੇ ਸੂਬੇ 'ਚ 1946 'ਚ ਹੋਮਗਾਰਡ ਦੀ ਸਥਾਪਨਾ ਕੀਤੀ ਗਈ ਸੀ।
ਜੈਰਾਮ ਨੇ ਕਿਹਾ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ 1962 'ਚ ਹੋਮਗਾਰਡ ਸੰਗਠਨ ਦਾ ਮੁੜ ਗਠਨ ਕੀਤਾ ਗਿਆ ਅਤੇ ਉਦੋਂ ਤੋਂ ਹੋਮਗਾਰਡ ਦੇ ਜਵਾਨ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸੇਵਾ ਦੇ ਰਹੇ ਹਨ। ਉੱਥੇ ਹੀ ਹੋਮਗਾਰਡਜ਼ ਵੈਲਫੇਅਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਰਾਹਤ ਫੰਡ ਲਈ 1.51 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਮੌਕੇ ਹੋਮਗਾਰਡਜ਼ ਵੈਲਫੇਅਰ ਐਸੋਸੀਏਸ਼ਨ ਹਿਮਾਚਲ ਪ੍ਰਦੇਸ਼ ਪ੍ਰਧਾਨ ਦੁਰਗਾ ਦਾਸ, ਵਿਧਾਇਕ ਰਾਕੇਸ਼ ਜਮਵਾਲ ਅਤੇ ਇੰਦਰ ਸਿੰਘ ਗਾਂਧੀ, ਮਿਲਕਫੇਡ ਦੇ ਪ੍ਰਧਾਨ ਨਿਹਾਲ ਚੰਦ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਪਾਲ ਵਰਮਾ, ਏ.ਪੀ.ਐੱਮ.ਸੀ. ਪ੍ਰਧਾਨ ਦਲੀਪ ਠਾਕੁਰ, ਪੁਲਸ ਸੁਪਰਡੈਂਟ ਸ਼ਾਲਿਨੀ ਅਗਨੀਹੋਤਰੀ ਅਤੇ ਕਮਾਂਡੈਂਟ ਹੋਮਗਾਰਡ ਮੰਡੀ ਭੂਪਿੰਦਰ ਸਿੰਘ ਵੀ ਮੌਜੂਦ ਸਨ।