ਹਿੰਦੂ ਧਰਮ ''ਚ ਰੰਜ, ਹਿੰਸਾ ਤੇ ਬਦਲੇ ਦੀ ਭਾਵਨਾ ਦੀ ਕੋਈ ਜਗ੍ਹਾ ਨਹੀਂ : ਪ੍ਰਿਯੰਕਾ

Tuesday, Dec 31, 2019 - 12:06 AM (IST)

ਹਿੰਦੂ ਧਰਮ ''ਚ ਰੰਜ, ਹਿੰਸਾ ਤੇ ਬਦਲੇ ਦੀ ਭਾਵਨਾ ਦੀ ਕੋਈ ਜਗ੍ਹਾ ਨਹੀਂ : ਪ੍ਰਿਯੰਕਾ

ਲਖਨਊ, (ਅਭਿਸ਼ੇਕ)— ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇਥੇ ਪ੍ਰੈੱਸ ਕਾਨਫਰੰਸ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਯੋਗੀ ਨੇ ਭਗਵਾ ਧਾਰਨ ਕੀਤਾ ਹੈ, ਜੋ ਹਿੰਦੋਸਤਾਨ ਦੀ ਧਾਰਮਿਕ ਅਧਿਆਤਮਕ ਰਵਾਇਤ 'ਤੇ ਹਿੰਦੂ ਧਰਮ ਦਾ ਨਿਸ਼ਾਨ ਹੈ ਪਰ ਇਸ ਧਰਮ ਵਿਚ ਰੰਜ, ਹਿੰਸਾ ਅਤੇ ਬਦਲੇ ਦੀ ਭਾਵਨਾ ਦੀ ਕੋਈ ਥਾਂ ਨਹੀਂ ਹੈ। ਪ੍ਰਿਯੰਕਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਆਨ ਦਿੱਤਾ ਕਿ ਉਹ ਬਦਲਾ ਲੈਣਗੇ। ਉਨ੍ਹਾਂ ਦੇ ਉਸ ਬਿਆਨ 'ਤੇ ਪੁਲਸ ਪ੍ਰਸ਼ਾਸਨ ਕਾਇਮ ਹੈ। ਇਸ ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਅਜਿਹਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕ੍ਰਿਸ਼ਨ, ਰਾਮ ਤੇ ਸ਼ਿਵ ਭਗਵਾਨ ਦਾ ਦੇਸ਼ ਹੈ, ਜੋ ਕਰੁਣਾ ਦੇ ਪ੍ਰਤੀਕ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਦਿਨਾਂ ਤੋਂ ਅਸੀਂ ਅਤੇ ਪੂਰਾ ਸੂਬਾ ਦੇਖ ਰਿਹਾ ਹੈ ਕਿ ਸੂਬਾ ਸਰਕਾਰ, ਪ੍ਰਸ਼ਾਸਨ ਤੇ ਪੁਲਸ ਵਲੋਂ ਕਈ ਜਗ੍ਹਾ ਅਰਾਜਕਤਾ ਫੈਲਾਈ ਗਈ ਹੈ। ਉਨ੍ਹਾਂ ਨੇ ਅਜਿਹੇ ਕਦਮ ਚੁੱਕੇ ਹਨ ਜਿਨ੍ਹਾਂ ਦਾ ਕੋਈ ਨਿਆਇਕ ਆਧਾਰ ਨਹੀਂ ਹੈ। ਮੀਡੀਆ ਦੀ ਰਿਪੋਰਟ ਅਤੇ ਅਧਿਕਾਰਤ ਰਿਪੋਰਟ ਮੁਤਾਬਕ ਕਰੀਬ 5500 ਲੋਕ ਹਿਰਾਸਤ ਵਿਚ ਹਨ ਅਤੇ ਲਗਭਗ 1100 ਲੋਕ ਗ੍ਰਿਫਤਾਰ ਹੋਏ ਹਨ ਪਰ ਇਹ ਗਿਣਤੀ ਇਸ ਤੋਂ ਕਾਫੀ ਜ਼ਿਆਦਾ ਹੈ। ਕਈ ਕੇਸ ਗੁੰਮਨਾਮ ਦਰਜ ਹੋਏ ਹਨ। ਲੋਕਾਂ ਨੂੰ ਕੁੱਟਿਆ ਜਾ ਰਿਹਾ ਹੈ, ਮਾਰਿਆ ਜਾ ਰਿਹਾ ਹੈ, ਭੰਨਤੋੜ ਕੀਤੀ ਜਾ ਰਹੀ ਹੈ। ਪੁਲਸ ਨੇ ਇਕ ਔਰਤ ਨੂੰ ਘੇਰ ਕੇ ਕੁੱਟਿਆ ਹੈ। ਇਸ ਦੀ ਵੀਡੀਓ ਹੈ। ਆਪਣੀ ਸੁਰੱਖਿਆ ਸਬੰਧੀ ਉਠੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਮੇਰੀ ਸੁਰੱਖਿਆ ਦਾ ਸਵਾਲ ਇਕ ਵੱਡਾ ਨਹੀਂ ਹੈ, ਇਹ ਛੋਟਾ ਸਵਾਲ ਹੈ, ਇਸ 'ਤੇ ਚਰਚਾ ਕਰਨ ਦੀ ਲੋੜ ਨਹੀਂ ਹੈ। ਅੱਜ ਅਸੀਂ ਸੂਬੇ ਦੇ ਲੋਕਾਂ ਦੀ ਸੁਰੱਖਿਆ ਦਾ ਸਵਾਲ ਚੁੱਕ ਰਹੇ ਹਾਂ। ਨਾਗਰਿਕਤਾ ਸੋਧ ਕਾਨੂੰਨ ਸਬੰਧੀ ਭਾਜਪਾ ਦੀ ਜਾਗਰੂਕਤਾ ਮੁਹਿੰਮ ਬਾਰੇ ਪ੍ਰ੍ਰਤੀਕਿਰਿਆ ਪੁੱਛੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਨਹੀਂ, ਝੂਠਿਆਂ ਦੀ ਮੁਹਿੰਮ ਹੈ। ਜਿਸ ਤਰ੍ਹਾਂ ਨੋਟਬੰਦੀ ਨੇ ਸਾਰਿਆਂ ਨੂੰ ਪ੍ਰੇਸ਼ਾਨ ਕੀਤਾ, ਉਸੇ ਤਰ੍ਹਾਂ ਨਾਗਰਿਕਤਾ ਸੋਧ ਕਾਨੂੰਨ ਨੇ ਵੀ ਪ੍ਰੇਸ਼ਾਨ ਕੀਤਾ ਹੈ।

ਉਪ ਮੁੱਖ ਮੰਤਰੀ ਨੇ ਕੀਤਾ ਪਲਟਵਾਰ
ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ 'ਤੇ ਪਲਟਵਾਰ ਕਰਦੇ ਹੋਏ ਉਨ੍ਹਾਂ ਉਪਰ ਹਿੰਦੂਤਵ ਨੂੰ ਬਦਨਾਮ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਹਿੰਸਾ ਵਿਚ ਸ਼ਾਮਲ ਲੋਕਾਂ ਨਾਲ ਖੜ੍ਹੀ ਹੈ।
 


author

KamalJeet Singh

Content Editor

Related News