''ਹਿੰਦੂ ਜਿਨਾਹ'' ਵਜੋਂ ਉਭਰੇ ਹਨ ਨਰਿੰਦਰ ਮੋਦੀ : ਤਰੁਣ ਗੋਗੋਈ

01/07/2020 5:32:06 PM

ਗੁਹਾਟੀ— ਸੀਨੀਅਰ ਕਾਂਗਰਸ ਨੇਤਾ ਅਤੇ ਆਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਨੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਮੰਗਲਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਮੋਦੀ ਨੂੰ ਹਿੰਦੂ ਜਿਨਾਹ ਤੱਕ ਕਹਿ ਦਿੱਤਾ। ਗੋਗੋਈ ਨੇ ਕਿਹਾ ਕਿ ਨਰਿੰਦਰ ਮੋਦੀ ਵੀ ਭਾਰਤ ਦੀ ਧਰਮ ਦੇ ਅਧਾਰ 'ਤੇ ਵੰਡ ਕਰਨ ਵਾਲੇ ਮੁਹੰਮਦ ਅਲੀ ਜਿਨਾਹ ਦੀ 'ਟੂ ਨੇਸ਼ਨ ਥਿਊਰੀ' ਨੂੰ ਫਾਲੋਅ ਕਰ ਰਹੇ ਹਨ।

ਭਾਰਤ ਦੇ 'ਹਿੰਦੂ ਜਿਨਾਹ' ਵਜੋਂ ਉਭਰੇ ਹਨ ਮੋਦੀ
ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਕਾਂਗਰਸ 'ਤੇ ਦੋਸ਼ ਲਾਉਂਦੇ ਹਨ ਕਿ ਇਹ ਪਾਰਟੀ ਪਾਕਿਸਤਾਨ ਦੀ ਭਾਸ਼ਾ ਬੋਲਦੀ ਹੈ ਪਰ ਮੋਦੀ ਨੇ ਖੁਦ ਨੂੰ ਹੀ ਗੁਆਂਢੀ ਦੇਸ਼ ਦੇ ਪੱਧਰ ਤੱਕ ਡੇਗ ਲਿਆ ਹੈ। ਉਹ ਜਿਨਾਹ ਦੇ ਦੋ ਦੇਸ਼ਾਂ ਦੇ ਸਿਧਾਂਤ ਵੱਲ ਅੱਗੇ ਵਧ ਰਹੇ ਹਨ। ਉਹ ਭਾਰਤ ਦੇ 'ਹਿੰਦੂ ਜਿਨਾਹ' ਵਜੋਂ ਉਭਰੇ ਹਨ।

ਵਿਰੋਧ ਕਰਨ ਵਾਲੇ ਲੋਕਾਂ 'ਚ ਵਧੇਰੇ ਹਿੰਦੂ ਹਨ
ਗੋਗੋਈ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਐੱਨ.ਆਰ.ਸੀ ਨੂੰ ਲੈ ਕੇ ਜਿਸ ਤਰ੍ਹਾਂ ਸਾਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਹੋਏ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦੇ ਹਿੰਦੂਤਵ ਦੇ ਵਿਚਾਰ ਨੂੰ ਰੱਦ ਕਰ ਦਿੱਤਾ ਹੈ। ਗੋਗੋਈ ਨੇ ਕਿਹਾ ਕਿ ਅਸੀਂ ਹਿੰਦੂ ਹਾਂ ਪਰ ਆਪਣੇ ਦੇਸ਼ ਨੂੰ ਇਕ ਹਿੰਦੂ ਰਾਸ਼ਟਰ ਵਜੋਂ ਨਹੀਂ ਵੇਖਣਾ ਚਾਹੁੰਦੇ ਹਾਂ। ਵਿਰੋਧ ਕਰਨ ਵਾਲੇ ਲੋਕਾਂ 'ਚ ਵਧੇਰੇ ਹਿੰਦੂ ਹਨ। ਉਨ੍ਹਾਂ ਨੇ ਭਾਜਪਾ ਅਤੇ ਆਰ.ਐੱਸ.ਐੱਸ ਦੇ ਹਿੰਦੂਤਵ ਨੂੰ ਠੁਕਰਾ ਚੁਕੇ ਹਨ।

ਤਿੰਨ ਵਾਰ ਆਸਾਮ ਦੇ ਮੁੱਖ ਮੰਤਰੀ ਰਹਿ ਚੁਕੇ ਹਨ ਗੋਗੋਈ
ਦੱਸਣਯੋਗ ਹੈ ਕਿ ਤਰੁਣ ਗੋਗੋਈ ਤਿੰਨ ਵਾਰ ਆਸਾਮ ਦੇ ਮੁੱਖ ਮੰਤਰੀ ਰਹਿ ਚੁਕੇ ਹਨ। ਗੋਗੋਈ ਦੇਸ਼ ਭਰ 'ਚ ਪ੍ਰਸਤਾਵਿਤ ਐੱਨ.ਆਰ.ਸੀ. ਅਤੇ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ ਕੇ ਕੇਂਦਰ 'ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਵੀ ਡਿਟੈਂਸ਼ਨ ਕੈਂਪ ਨਾ ਹੋਣ ਦਾ ਦਾਅਵਾ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਸੀ।


DIsha

Content Editor

Related News