ਮੰਡੀ ''ਚ ਲੱਗੇ ਕੇਜਰੀਵਾਲ ''ਗੋ ਬੈਕ'' ਦੇ ਨਾਅਰੇ, ਹਿਰਾਸਤ ''ਚ ਲਏ ਗਏ ਹਿੰਦੂ ਜਾਗਰਣ ਮੰਚ ਦੇ 25 ਵਰਕਰ
Thursday, Apr 07, 2022 - 09:34 AM (IST)
ਮੰਡੀ (ਵਾਰਤਾ)- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਫਿਲਮ 'ਦਿ ਕਸ਼ਮੀਰ ਫਾਈਲਜ਼' 'ਤੇ ਬਿਆਨ ਨੂੰ ਲੈ ਕੇ ਹਿੰਦੂ ਜਾਗਰਣ ਮੰਚ ਦੇ ਵਰਕਰਾਂ ਨੇ ਹਿਮਚਾਲ ਪ੍ਰਦੇਸ਼ ਦੇ ਮੰਡੀ 'ਚ ਉਨ੍ਹਾਂ ਦੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਤੋਂ ਪਹਿਲਾਂ 'ਕੇਜਰੀਵਾਲ ਗੋ ਬੈਕ' ਦੇ ਨਾਅਰੇ ਲਾਏ। ਵਰਕਰਾਂ ਨੇ ਕਾਂਗਨੀ ਹੈਲੀਪੋਟਰ 'ਤੇ ਨਾਅਰੇਬਾਜ਼ੀ ਕੀਤੀ। ਵਰਕਰ ਪੁਲਸ ਨਾਲ ਵੀ ਉਲਝੇ, ਜਿਸ ਤੋਂ ਬਾਅਦ ਪੁਲਸ ਨੇ 25 ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ।
ਸੂਬੇ ਦੇ ਮਹਾਮੰਤਰੀ ਕਮਲ ਗੌਤਮ ਅਤੇ ਦੇਵਸੇਨਾ ਦੇ ਪ੍ਰਦੇਸ਼ ਪ੍ਰਧਾਨ ਜਿਤੇਂਦਰ ਰਾਜਪੂਤ ਨੇ ਕਿਹਾ ਕਿ 'ਦਿ ਕਸ਼ਮੀਰ ਫਾਈਲਜ਼' ਨੂੰ ਲੈ ਕੇ ਦਿੱਤੇ ਬਿਆਨ 'ਤੇ ਜਦੋਂ ਤੱਕ ਕੇਜਰੀਵਾਲ ਮੁਆਫ਼ੀ ਨਹੀਂ ਮੰਗਦੇ, ਉਨ੍ਹਾਂ ਦਾ ਹਿਮਾਚਲ ਪ੍ਰਦੇਸ਼ 'ਚ ਕੋਈ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ। ਦੂਜੇ ਪਾਸੇ, 'ਆਪ' ਵਰਕਰਾਂ ਵਲੋਂ ਮੰਡੀ 'ਚ ਜਗ੍ਹਾ-ਜਗ੍ਹਾ ਪੋਸਟਰ ਅਤੇ ਹੋਰਡਿੰਗਜ਼ ਲਾਏ ਹਨ। ਪ੍ਰਵੇਸ਼ ਦੁਆਰਾਂ 'ਤੇ 'ਹਿਮਾਚਲ ਮੰਗੇ ਕੇਜਰੀਵਾਲ' ਲਿਖੇ ਵੱਡੇ-ਵੱਡੇ ਹੋਰਡਿੰਗਜ਼ ਲਾਏ ਹੋਏ ਹਨ। ਪਿਛਲੇ ਮਹੀਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਜਿੱਤ ਤੋਂ ਉਤਸ਼ਾਹ ਆਮ ਆਦਮੀ ਪਾਰਟੀ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ 'ਚ ਆਪਣੇ ਜਨਾਧਾਰ ਦਾ ਵਿਸਥਾਰ ਕਰਨ ਦੀ ਦਿਸ਼ਾ 'ਚ ਸਰਗਰਮ ਹੋ ਗਈ ਹੈ। ਇਹ 'ਰੋਡ ਸ਼ੋਅ' ਇਸੇ ਦੀ ਇਕ ਕੜੀ ਹੈ।