ਵੱਡਾ ਖੁਲਾਸਾ! ਹਿੰਡਨਬਰਗ ਨੇ 2 ਮਹੀਨੇ ਪਹਿਲਾਂ ਕਲਾਇੰਟ ਨਾਲ ਸ਼ੇਅਰ ਕੀਤੀ ਸੀ ਰਿਪੋਰਟ
Monday, Jul 08, 2024 - 12:51 PM (IST)

ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਸ਼ਾਰਟ-ਸੇਲਰ ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ਖਿਲਾਫ ਆਪਣੀ ਰਿਪੋਰਟ ਦੀ ਇਕ ਕਾਪੀ ਇਸ ਦੇ ਪਬਲਿਸ਼ ਹੋਣ ਤੋਂ ਲੱਗਭੱਗ 2 ਮਹੀਨੇ ਪਹਿਲਾਂ ਆਪਣੇ ਕਲਾਇੰਟ ਨੂੰ ਸ਼ੇਅਰ ਕੀਤੀ ਸੀ। ਇਸ ਨੂੰ ਨਿਊਯਾਰਕ ਦੇ ਹੇਜ ਫੰਡ ਮੈਨੇਜਰ ਮਾਰਕ ਕਿੰਗਡਨ ਨੂੰ ਸ਼ੇਅਰ ਕੀਤਾ ਗਿਆ ਸੀ। ਇਸ ਨੇ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਉਤਰਾਅ-ਚੜ੍ਹਾਅ ਦਾ ਫਾਇਦਾ ਚੁੱਕਿਆ ਸੀ। ਬਾਜ਼ਾਰ ਰੈਗੂਲੇਟਰੀ ਸੇਬੀ ਨੇ ਇਹ ਦਾਅਵਾ ਕੀਤਾ ਹੈ। ਸੇਬੀ ਨੇ ਹਿੰਡਨਬਰਗ ਨੂੰ ਭੇਜੇ ਆਪਣੇ 46 ਪੰਨਿਆਂ ਦੇ ਕਾਰਨ ਦੱਸੋ ਨੋਟਿਸ ’ਚ ਇਸ ਬਾਰੇ ਵਿਸਥਾਰ ਨਾਲ ਦੱਸਿਆ ਹੈ।
ਸੇਬੀ ਨੇ ਦੱਸਿਆ ਹੈ ਕਿ ਕਿਵੇਂ ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਨੂੰ ਅਡਾਨੀ ਗਰੁੱਪ ਦੀਆਂ 10 ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਦੇ ਮੁਲਾਂਕਣ ’ਚ ਗਿਰਾਵਟ ਨਾਲ ਫਾਇਦਾ ਹੋਇਆ। ਰਿਪੋਰਟ ਪਬਲਿਸ਼ ਹੋਣ ਤੋਂ ਬਾਅਦ ਗਰੁੱਪ ਦੀਆਂ ਕੰਪਨੀਆਂ ’ਚ ਭਾਰੀ 150 ਅਰਬ ਡਾਲਰ ਦੀ ਗਿਰਾਵਟ ਆਈ ਸੀ। ਹਿੰਡਨਬਰਗ ਨੇ ਨਿਊਯਾਰਕ ਦੇ ਹੇਜ ਫੰਡ ਅਤੇ ਕੋਟਕ ਮਹਿੰਦਰਾ ਬੈਂਕ ਨਾਲ ਜੁਡ਼ੇ ਬ੍ਰੋਕਰ ਨੂੰ ਪਹਿਲਾਂ ਹੀ ਇਸ ਰਿਪੋਰਟ ਦੀ ਕਾਪੀ ਸ਼ੇਅਰ ਕੀਤੀ ਸੀ।
ਸੇਬੀ ਦੇ ਨੋਟਿਸ ’ਤੇ ਹਿੰਡਨਬਰਗ ਦਾ ਜਵਾਬ
ਉਥੇ ਹੀ, ਸੇਬੀ ਦੇ ਇਸ ਕਾਰਨ ਦੱਸੋ ਨੋਟਿਸ ਦੇ ਜਵਾਬ ’ਚ ਹਿੰਡਨਬਰਗ ਨੇ ਆਪਣੀ ਪ੍ਰਤੀਕਿਰਆ ਦਿੱਤੀ ਹੈ। ਇਸ ’ਚ ਹਿੰਡਨਬਰਗ ਨੇ ਕਿਹਾ ਹੈ ਕਿ ਇਹ ‘ਭਾਰਤ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਅਤੇ ਧੋਖਾਦੇਹੀ ਨੂੰ ਪ੍ਰਗਟ ਕਰਨ ਵਾਲਿਆਂ ਨੂੰ ਚੁਪ ਕਰਵਾਉਣ ਅਤੇ ‘ਡਰਾਉਣ-ਧਮਕਾਉਣ’ ਦੀ ਕੋਸ਼ਿਸ਼ ਹੈ। ਨਾਲ ਹੀ ਉਸ ਨੇ ਖੁਲਾਸਾ ਕੀਤਾ ਹੈ ਕਿ ਅਡਾਨੀ ਦੀ ਮੁੱਖ ਕੰਪਨੀ ਅਡਾਨੀ ਐਟਰਪ੍ਰਾਈਜ਼ਿਜ਼ ਲਿ. ਖਿਲਾਫ ਦਾਅ ਲਾਉਣ ਲਈ, ਜਿਸ ਇਕਾਈ ਦਾ ਇਸਤੇਮਾਲ ਕੀਤਾ ਗਿਆ, ਉਹ ਕੋਟਕ ਮਹਿੰਦਰਾ (ਇੰਟਰਨੈਸ਼ਨਲ) ਲਿਮਟਿਡ (ਕੇ. ਐੱਮ. ਆਈ. ਐੱਲ.) ਨਾਲ ਸਬੰਧਿਤ ਸੀ, ਜੋ ਕੋਟਕ ਮਹਿੰਦਰਾ ਬੈਂਕ ਦੀ ਮਾਰੀਸ਼ਸ ਸਥਿਤ ਸਬਸਿਡਰੀ ਹੈ। ਕੇ. ਐੱਮ. ਆਈ. ਐੱਲ. ਦੇ ਫੰਡ ਨੇ ਆਪਣੇ ਕਲਾਇੰਟ ਕਿੰਗਡਨ ਦੇ ਕਿੰਗਡਨ ਕੈਪੀਟਲ ਮੈਨੇਜਮੈਂਟ ਲਈ ਅਡਾਨੀ ਐਂਟਰਪ੍ਰਾਈਜ਼ਿਜ਼ ਲਿਮਟਿਡ ’ਤੇ ਦਾਅ ਲਾਇਆ। ਸੇਬੀ ਦੇ ਨੋਟਿਸ ’ਚ ਅਡਾਨੀ ਐਂਟਰਪ੍ਰਾਈਜ਼ਿਜ਼ (ਏ. ਈ. ਐੱਲ.) ’ਚ ਭਵਿੱਖ ਦੇ ਸਮਝੌਤੇ ਵੇਚਣ ਲਈ ਹੇਜ ਫੰਡ ਦੇ ਇਕ ਕਰਮਚਾਰੀ ਅਤੇ ਕੇ. ਐੱਮ. ਆਈ. ਐੱਲ. ਦੇ ਕਾਰੋਬਾਰੀਆਂ ’ਚ ‘ਚੈਟ’ ਦੇ ਅੰਸ਼ ਸ਼ਾਮਿਲ ਹਨ।
ਕੋਟਕ ਮਹਿੰਦਰਾ ਬੈਂਕ ਨੇ ਕਿਹਾ ਹੈ ਕਿ ਕਿੰਗਡਨ ਨੇ ਕਦੇ ਇਹ ਖੁਲਾਸਾ ਨਹੀਂ ਕੀਤਾ ਕਿ ਉਨ੍ਹਾਂ ਦਾ ਹਿੰਡਨਬਰਗ ਦੇ ਨਾਲ ਕੋਈ ਸਬੰਧ ਸੀ। ਨਾ ਹੀ ਉਹ ਕਿਸੇ ਮੁੱਲ-ਸੰਵੇਦਨਸ਼ੀਲ ਜਾਣਕਾਰੀ ਦੇ ਆਧਾਰ ’ਤੇ ਕੰਮ ਕਰ ਰਹੇ ਸਨ।
ਸੁਪਰੀਮ ਕੋਰਟ ’ਚ ਰੈਗੂਲੇਟਰ ਨੇ ਕੀ ਕਿਹਾ ਸੀ?
ਸੇਬੀ ਨੇ ਪਿਛਲੇ ਸਾਲ ਸੁਪਰੀਮ ਕੋਰਟ ਵੱਲੋਂ ਨਿਯੁਕਤ ਕਮੇਟੀ ਨੂੰ ਦੱਸਿਆ ਸੀ ਕਿ ਉਹ 13 ਅਜਿਹੀਆਂ ਬਾਹਰੀ ‘ਅਸਪੱਸ਼ਟ’ ਇਕਾਈਆਂ ਦੀ ਜਾਂਚ ਕਰ ਰਿਹਾ ਹੈ, ਜਿਨ੍ਹਾਂ ਦੀ ਅਡਾਨੀ ਸਮੂਹ ਦੇ 5 ਜਨਤਕ ਰੂਪ ਨਾਲ ਕੰਮ-ਕਾਜ ਵਾਲੇ ਸ਼ੇਅਰਾਂ ’ਚ 14 ਫੀਸਦੀ ਤੋਂ 20 ਫੀਸਦੀ ’ਚ ਹਿੱਸੇਦਾਰੀ ਸੀ। ਸੇਬੀ ਨੇ ਨਾ ਸਿਰਫ ਹਿੰਡਨਬਰਗ ਨੂੰ, ਸਗੋਂ ਕੇ. ਐੱਮ. ਆਈ. ਐੱਲ., ਕਿੰਗਡਨ ਅਤੇ ਹਿੰਡਨਬਰਗ ਦੇ ਸੰਸਥਾਪਕ ਨਾਥਨ ਐਂਡਰਸਨ ਨੂੰ ਵੀ ਨੋਟਿਸ ਭੇਜਿਆ ਹੈ।
ਕਿੰਗਡਨ ਦਾ ਚੀਨ ਨਾਲ ਸੰਪਰਕ
ਇਸ ਤੋਂ ਪਹਿਲਾਂ ਅਡਾਨੀ ਸਮੂਹ ਦੇ ਪੱਖ ’ਚ ਗੱਲ ਕਰਨ ਵਾਲੇ ਸੀਨੀਅਰ ਬੁਲਾਰੇ ਮਹੇਸ਼ ਜੇਠਮਲਾਨੀ ਨੇ ‘ਐਕਸ’ ’ਤੇ ਪੋਸਟ ’ਚ ਦਾਅਵਾ ਕੀਤਾ ਹੈ ਕਿ ਕਿੰਗਡਨ ਦਾ ਚੀਨ ਨਾਲ ਸੰਪਰਕ ਹੈ। ਕਿੰਗਡਨ ਦਾ ਵਿਆਹ ‘ਚੀਨੀ ਜਾਸੂਸ’ ਅਨਲਾ ਚੇਂਗ ਨਾਲ ਹੋਇਆ ਹੈ।
ਜੇਠਮਲਾਨੀ ਨੇ ਦੋਸ਼ ਲਾਇਆ ਹੈ ਕਿ ਚੀਨੀ ਜਾਸੂਸ ਚੇਂਗ ਨੇ ਆਪਣੇ ਪਤੀ ਮਾਰਕ ਕਿੰਗਡਨ ਨਾਲ ਅਡਾਨੀ ’ਤੇ ਇਕ ਜਾਂਚ ਰਿਪੋਰਟ ਤਿਆਰ ਕਰਨ ਲਈ ਹਿੰਡਨਬਰਗ ਦੀਆਂ ਸੇਵਾਵਾਂ ਲਈਆਂ। ਉਨ੍ਹਾਂ ਨੇ ਅਡਾਨੀ ਦੇ ਸ਼ੇਅਰਾਂ ਦੀ ਸ਼ਾਰਟ ਸੇਲਿੰਗ ਲਈ ਟ੍ਰੇਡਿੰਗ ਖਾਤੇ ਨੂੰ ਕੋਟਕ ਦੀਆਂ ਸੇਵਾਵਾਂ ਲਈਆਂ ਅਤੇ ਇਸ ਜ਼ਰੀਏ ਲੱਖਾਂ ਡਾਲਰ ਕਮਾਏ। ਇਸ ਤੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਮੁਲਾਂਕਣ ’ਚ ਭਾਰੀ ਗਿਰਾਵਟ ਆਈ।