ਗਰਮੀ ਵੱਧਦੇ ਹੀ ਸ਼ਿਮਲਾ ''ਚ ਲੱਗੀ ਸੈਲਾਨੀਆਂ ਦੀ ਭੀੜ, 2 ਦਿਨ ''ਚ 30 ਹਜ਼ਾਰ ਵਾਹਨਾਂ ਨੇ ਕੀਤੀ ਐਂਟਰੀ
Monday, Apr 10, 2023 - 01:38 PM (IST)
ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੁੱਖ ਸੈਰ-ਸਪਾਟਾ ਸਥਾਨਾਂ ਵਿਚੋਂ ਇਕ ਸ਼ਿਮਲਾ 'ਚ ਸੈਲਾਨੀ ਪਹੁੰਚ ਰਹੇ ਹਨ। ਦਰਅਸਲ ਗਰਮੀ ਵਧਣ ਕਾਰਨ ਸੈਲਾਨੀ ਪਹਾੜਾਂ ਦਾ ਰੁਖ਼ ਕਰ ਰਹੇ ਹਨ। ਪਹਾੜੀ ਦੀ ਰਾਣੀ ਸ਼ਿਮਲਾ 'ਚ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ। ਸ਼ਿਮਲਾ ਪੁਲਸ ਵਲੋਂ ਉਪਲੱਬਧ ਅੰਕੜਿਆਂ ਮੁਤਾਬਕ ਪਿਛਲੇ 2 ਦਿਨਾਂ ਦੌਰਾਨ 30 ਹਜ਼ਾਰ ਤੋਂ ਵਧ ਵਾਹਨ ਸ਼ਹਿਰ 'ਚ ਐਂਟਰੀ ਕਰ ਚੁੱਕੇ ਹਨ। ਦਿੱਲੀ, ਪੰਜਾਬ, ਹਰਿਆਣਾ ਅਤੇ ਭਾਰਤ ਦੇ ਹੋਰ ਹਿੱਸਿਆਂ ਤੋਂ ਸੈਲਾਨੀ ਇੱਥੇ ਆ ਰਹੇ ਹਨ।
ਸ਼ਿਮਲਾ 'ਚ ਸਰਦੀ ਦੇ ਮੌਸਮ ਮਗਰੋਂ ਸੈਰ-ਸਪਾਟਾ ਕਾਰੋਬਾਰੀਆਂ ਨੂੰ ਕਾਰੋਬਾਰ ਮਿਲਣ ਦੀ ਉਮੀਦ ਹੈ। ਸ਼ਹਿਰ ਵਿਚ ਹੋਟਲ ਆਪਣੀ ਸਮਰੱਥਾ ਤੋਂ ਵਧ ਭਰੇ ਹੋਏ ਹਨ। ਪਿਛਲੇ 48 ਘੰਟਿਆਂ ਦੌਰਾਨ ਹਜ਼ਾਰਾਂ ਵਾਹਨ ਸ਼ਿਮਲਾ ਵਿਚ ਐਂਟਰੀ ਕਰ ਚੁੱਕੇ ਹਨ। ਦਰਅਸਲ ਸ਼ਿਮਲਾ 'ਚ ਸੈਲਾਨੀਆਂ ਦੀ ਇੰਨੀ ਭੀੜ ਵੀਕੈਂਡ ਦੇ ਚੱਲਦੇ ਹੈ। ਸ਼ਹਿਰ ਦੀ ਪੁਲਸ ਨੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਇਕ ਬੇਸਿਕ ਪਲਾਨ ਤਿਆਰ ਕੀਤਾ ਹੈ।
ਸ਼ਿਮਲਾ ਪੁਲਸ ਸੁਪਰਡੈਂਟ ਸੰਜੀਵ ਕੁਮਾਰ ਗਾਂਧੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ 2 ਦਿਨਾਂ ਦੌਰਾਨ 30 ਹਜ਼ਾਰ ਤੋਂ ਵਧੇਰੇ ਵਾਹਨ ਸ਼ਿਮਲਾ ਸ਼ਹਿਰ ਵਿਚ ਐਂਟਰੀ ਕਰ ਚੁੱਕੇ ਹਨ। ਆਵਾਜਾਈ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਓਧਰ ਸ਼ਿਮਲਾ ਵਿਚ ਇੰਨੀ ਵੱਡੀ ਗਿਣਤੀ 'ਚ ਸੈਲਾਨੀਆਂ ਦੇ ਪਹੁੰਚਣ ਨਾਲ ਕਾਰੋਬਾਰੀ ਖ਼ੁਸ਼ ਹਨ। ਹੋਟਲ ਕਾਰੋਬਾਰ ਦੱਸਦੇ ਹਨ ਕਿ 90 ਤੋਂ 100 ਫ਼ੀਸਦੀ ਤੱਕ ਹੋਟਲ ਦੇ ਕਮਰੇ ਬੁੱਕ ਹਨ। ਦੱਸ ਦੇਈਏ ਕਿ ਸੂਬੇ ਦੀ ਅਰਥਵਿਵਸਥਾ ਲਈ ਸੈਰ-ਸਪਾਟੇ ਨੂੰ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ।