ਕੋਰੋਨਾ ਨਾਲ ਜੰਗ ਲਈ ਰੈੱਡ, ਆਰੇਂਜ ਤੇ ਗ੍ਰੀਨ ਜ਼ੋਨ ਵਿਚ ਵੰਡੇਗਾ ਹਿਮਾਚਲ

04/12/2020 10:40:09 PM

ਸ਼ਿਮਲਾ (ਰਾਕਟਾ)– ਹਿਮਾਚਲ ’ਚ ਕੋਵਿਡ-19 ਦੇ ਖਤਰੇ ਨੂੰ ਧਿਆਨ ’ਚ ਰੱਖਦੇ ਹੋਏ ਐਗਜ਼ਿਟ ਪਲਾਨ ਤਿਆਰ ਕੀਤਾ ਜਾਵੇਗਾ। ਇਸ ਦੇ ਤਹਿਤ ਸੂਬੇ ’ਚ ਪਾਏ ਜਾਣ ਵਾਲੇ ਮਾਮਲਿਆਂ ਅਨੁਸਾਰ ਸੂਬੇ ਨੂੰ 6 ਜ਼ੋਨਾਂ ’ਚ ਵੰਡਿਆ ਜਾਵੇਗਾ। ਇਨ੍ਹਾਂ ’ਚ 1 ਰੈੱਡ ਜ਼ੋਨ, 4 ਆਰੇਂਜ਼ ਜ਼ੋਨ ਅਤੇ ਇਕ ਗ੍ਰੀਨ ਜ਼ੋਨ ਬਣੇਗਾ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਐਤਵਾਰ ਨੂੰ ਸੂਬੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਸੂਬੇ ’ਚ ਆਮ ਹਾਲਾਤ ਨੂੰ ਬਹਾਲ ਕਰਨ, ਅਾਰਥਿਕ ਗਤੀਵਿਧੀਆਂ ਨੂੰ ਮੁੜ ਸੁਰਜੀਤ ਕਰਨ ਅਤੇ ਕਮਜੋਰ ਵਰਗਾਂ ਦੀ ਆਰਥਿਕ ਅਤੇ ਖੁਰਾਕ ਲੋੜਾਂ ਦੀ ਪੂਰਤੀ ਲਈ ਪੜਾਅਵਾਰ ਤਰੀਕੇ ਨਾਲ ਕੰਮ ਕਰਨ ਦੀ ਲੋੜ ਹੈ। ਜੈਰਾਮ ਠਾਕੁਰ ਨੇ ਕਿਹਾ ਕਿ ਸੂਬੇ ਦੇ ਲੋਕਾਂ ਦੀ ਸਿਹਤ ਅਤੇ ਆਰਥਿਕ ਹਾਲਤ ਨੂੰ ਧਿਆਨ ’ਚ ਰੱਖਦੇ ਹੋਏ ਇਹ ਯੋਜਨਾ ਤਿਆਰ ਕੀਤੀਜਾਵੇਗੀ। ਸੀ. ਐੈੱਮ. ਨੇ ਕਿਹਾ ਕਿ ਇਸ ਯੋਜਨਾ ਨੂੰ ਉਦੋਂ ਸ਼ੁਰੂ ਕੀਤਾ ਜਾਵੇਗਾ ਜਦੋਂ ਵਾਇਰਸ ਘੱਟ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਕੁਝ ਸਮੇਂ ਦੇ ਅੰਤਰਾਲ ’ਤੇ ਨਵੇਂ ਮਾਮਲੇ ਸਾਹਮਣੇ ਆਉਣਾ ਘੱਟ ਹੋ ਜਾਣਗੇ।
ਤਾਂ ਪੜਾਅਵਾਰ ਤਰੀਕਿਆਂ ’ਚ ਢਿੱਲ ਦੇਣ ’ਤੇ ਹੋਵੇਗਾ ਵਿਚਾਰ
ਜਾਣਕਾਰੀ ਅਨੁਸਾਰ ਤਿਆਰ ਕੀਤੇ ਜਾਣ ਵਾਲੇ ਐਗਜ਼ਿਟ ਪਲਾਨ ਤਹਿਤ ਆਉਣ ਵਾਲੇ ਦਿਨਾਂ ’ਚ ਪੜਾਅਵਾਰ ਤਰੀਕੇ ਨਾਲ ਸਾਰੇ ਪਹਿਲੂਆਂ ਨੂੰ ਧਿਆਨ ’ਚ ਰੱਖਦੇ ਹੋਏ ਅਜਿਹੇ ਇਲਾਕਿਆਂ ਨੂੰ ਕੁਝ ਹੱਦ ਤਕ ਖੋਲ੍ਹਿਆ ਵੀ ਜਾ ਸਕਦਾ ਹੈ ਜਿਥੇ ਅਜੇ ਤਕ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਨਹੀਂ ਆਏ।
ਹਾਟਸਪਾਟ ਕੀਤੇ ਜਾਣਗੇ ਵੱਖ, ਵਾਹਨਾਂ ’ਤੇ ਵੀ ਲੱਗੇਗੀ ਪਾਬੰਦੀ
ਸੀ. ਐੈੱਮ ਨੇ ਕਿਹਾ ਕਿ ਚੁਣੇ ਗਏ ਹਾਟਸਪਾਟ ਨੂੰ ਹੋਰ ਹਿੱਸਿਆਂ ਤੋਂ ਪੂਰੀ ਤਰ੍ਹਾਂ ਵੱਖ ਕੀਤਾ ਜਾਵੇਗਾ। ਇਸ ਦੇ ਨਾਲ ਹੀ ਭੋਜਨ ਅਤੇ ਹੋਰ ਜ਼ਰੂਰੀਆਂ ਚੀਜ਼ਾਂ ਦੀ ਸਪਲਾਈ ਦੀ ਜ਼ਿੰਮੇਵਾਰੀ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ। ਹਾਟਸਪਾਟ ਦੇ ਖੇਤਰਾਂ ’ਚ ਕਰਫਿਊ ’ਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਟਸਪਾਟ ਐਲਾਨੇ ਇਲਾਕਿਆਂ ’ਚ ਵਾਹਨਾਂ ਦੀ ਆਵਾਜ਼ਾਈ ’ਤੇ ਪਾਬੰਦੀ ਲਾਈ ਜਾਵੇਗੀ।


Gurdeep Singh

Content Editor

Related News