ਹੁਣ ਜ਼ਿਲ੍ਹਾ ਸੈਸ਼ਨ ਕੋਰਟ ਚੰਡੀਗੜ੍ਹ ਵਿਚ ਚੱਲੇਗਾ ਕੋਟਕਪੂਰਾ ਗੋਲੀਕਾਂਡ ਕੇਸ

Monday, May 04, 2026 - 05:21 PM (IST)

ਹੁਣ ਜ਼ਿਲ੍ਹਾ ਸੈਸ਼ਨ ਕੋਰਟ ਚੰਡੀਗੜ੍ਹ ਵਿਚ ਚੱਲੇਗਾ ਕੋਟਕਪੂਰਾ ਗੋਲੀਕਾਂਡ ਕੇਸ

ਫਰੀਦਕੋਟ (ਜਗਦੀਸ਼) : 2015 'ਚ ਵਾਪਰੇ ਕੋਟਕਪੂਰਾ ਗੋਲੀਕਾਂਡ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ , ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ, ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ , ਸਾਬਕਾ ਮੋਗਾ ਦੇ ਐੱਸ. ਐੱਸ. ਪੀ ਚਰਨਜੀਤ ਸ਼ਰਮਾ, ਡੀ. ਆਈ. ਜੀ. ਫਿਰੋਜ਼ਪੁਰ ਅਮਰ ਸਿੰਘ ਚਾਹਿਲ, ਸਾਬਕਾ ਐੱਸ. ਐੱਸ. ਪੀ. ਸੁਖਮੰਦਰ ਸਿੰਘ ਮਾਨ ਨੂੰ ਵੀਡੀਓ ਕਾਨਫਰੰਸ ਰਾਹੀਂ ਫਰੀਦਕੋਟ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਹੁਣ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਤਾਰੀਖ 12 ਮਈ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਮੁੱਦਈ ਪੱਖ ਦੇ ਵਕੀਲ ਨੇ ਮਾਣਯੋਗ ਅਦਾਲਤ ਨੂੰ ਜਾਣਕਾਰੀ ਦਿੱਤੀ ਕਿ ਸਾਬਕਾ ਪੁਲਸ ਅਧਿਕਾਰੀਆਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਇਸ ਚਲਾਨ ਨੂੰ ਫਰੀਦਕੋਟ ਤੋਂ ਬਾਹਰਲੇ ਜ਼ਿਲ੍ਹੇ ਵਿਚ ਤਬਦੀਲ ਕਰਨ ਲਈ ਰਿਟ ਸੀਆਰਐੱਮ – ਐੱਮ 1561- ਦਾਇਰ ਕੀਤੀ ਹੋਈ ਸੀ ਜੋ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਸ ਕੇਸ ਨੂੰ ਬਦਲ ਕੇ ਚੰਡੀਗੜ੍ਹ ਦੀ ਇਕ ਅਦਾਲਤ ਵਿਚ ਤਬਦੀਲ ਕੀਤਾ ਗਿਆ ਹੈ ਜਿਸ ਦਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਤਬਦੀਲ ਕਰਨ ਦਾ ਹੁਕਮ ਇਸ ਅਦਾਲਤ ਵਿਚ ਪ੍ਰਾਪਤ ਹੋ ਚੁੱਕਾ ਹੈ ।

ਇਸ 'ਤੇ ਮਾਣਯੋਗ ਅਦਾਲਤ ਨੇ ਇਸ ਕੇਸ ਦੀ ਕਾਰਵਾਈ ਕਰਦੇ ਹੋਏ ਕੇਸ ਨੂੰ ਚੰਡੀਗੜ੍ਹ ਦੀ ਅਦਾਲਤ ਵਿਚ ਭੇਜ ਦਿੱਤਾ ਹੈ। ਹੁਣ ਇਹ ਮਾਮਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਚੰਡੀਗੜ੍ਹ ਵਿਚ ਵਿਚਾਰਿਆ ਜਾਵੇਗਾ । ਇਹ ਦੱਸਣ ਯੋਗ ਹੈ ਕਿ ਪਹਿਲਾਂ ਬਹਿਬਲ ਕਲਾਂ ਦਾ ਕੇਸ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਫਰੀਦਕੋਟ ਦੀ ਅਦਾਲਤ ਵਿਚੋਂ ਬਦਲ ਕੇ ਚੰਡੀਗੜ੍ਹ ਦੀ ਸੈਸ਼ਨ ਕੋਰਟ ਵਿਚ ਤਬਦੀਲ ਹੋ ਚੁੱਕਾ ਹੈ ਜੋ ਕਿ ਹੁਣ ਇਹ ਦੋਵੇਂ ਕੇਸਾਂ ਦੀ ਸੁਣਵਾਈ ਚੰਡੀਗੜ੍ਹ ਦੀ ਸੈਸ਼ਨ ਕੋਰਟ ਵਿਚ ਹੋਵੇਗੀ।


author

Gurminder Singh

Content Editor

Related News