ਹਿਮਾਚਲ 'ਚ ਇਸ ਸਾਲ ਰਿਕਾਰਡ ਕੀਤੇ ਗਏ 40 ਵਾਰ ਭੂਚਾਲ ਦੇ ਝਟਕੇ

Tuesday, Nov 22, 2022 - 12:26 PM (IST)

ਹਿਮਾਚਲ 'ਚ ਇਸ ਸਾਲ ਰਿਕਾਰਡ ਕੀਤੇ ਗਏ 40 ਵਾਰ ਭੂਚਾਲ ਦੇ ਝਟਕੇ

ਹਿਮਾਚਲ ਪ੍ਰਦੇਸ਼- ਪਿਛਲੇ ਕੁਝ ਦਿਨਾਂ ਤੋਂ ਭੂਚਾਲ ਦੇ ਲਗਾਤਾਰ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਦਿੱਲੀ-ਐੱਨ.ਸੀ.ਆਰ. 'ਚ ਵੀ ਹਾਲ ਦੇ ਦਿਨਾਂ 'ਚ 3 ਤੋਂ 4 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ 'ਚ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਾਲ ਸਭ ਤੋਂ ਵੱਧ ਭੂਚਾਲ ਦੇ ਝਟਕੇ ਹਿਮਾਚਲ ਪ੍ਰਦੇਸ਼ 'ਚ ਮਹਿਸੂਸ ਕੀਤੇ ਗਏ। ਅੰਕੜਿਆਂ ਅਨੁਸਾਰ ਇਸ ਸਾਲ ਹੁਣ ਤੱਕ ਹਿਮਾਚਲ 'ਚ ਰਿਕਾਰਡ 40 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਾਹਿਰਾਂ ਦਾ ਦਾਅਵਾ ਹੈ ਕਿ ਇਹ ਵੱਡੀ ਭੂਚਾਲ ਘਟਨਾ ਦਾ ਸੰਕੇਤ ਹੈ।

ਭੂਚਾਲ ਦਾ ਕੇਂਦਰ ਚੰਬਾ ਅਤੇ ਮੰਡੀ 

ਇਸ ਸਾਲ ਹਿਮਾਚਲ ਪ੍ਰਦੇਸ਼ 'ਚ ਆਏ ਜ਼ਿਆਦਾਤਰ ਭੂਚਾਲਾਂ ਦਾ ਕੇਂਦਰ ਚੰਬਾ ਅਤੇ ਮੰਡੀ 'ਚ ਸੀ, ਜੋ ਕਿ ਮੇਨ ਬਾਊਂਡਰੀ ਥ੍ਰਸਟ (ਐਮਟੀਬੀ) ਦੇ ਉੱਤਰ 'ਚ ਹਨ। ਚੰਬਾ 'ਚ 15 ਹਲਕੇ ਭੂਚਾਲ ਦਰਜ ਕੀਤੇ ਗਏ, ਜਦੋਂਕਿ 10 ਦਾ ਕੇਂਦਰ ਮੰਡੀ ਜ਼ਿਲ੍ਹੇ 'ਚ ਸੀ। ਮੰਡੀ ਜ਼ਿਲ੍ਹੇ 'ਚ 16 ਨਵੰਬਰ ਨੂੰ ਰਾਤ 9.32 ਵਜੇ 4.1 ਤੀਬਰਤਾ ਦਾ ਭੂਚਾਲ ਆਇਆ। ਇਸ ਦਾ ਕੇਂਦਰ ਮੰਡੀ ਸ਼ਹਿਰ ਤੋਂ 27 ਕਿਲੋਮੀਟਰ ਉੱਤਰ-ਪੱਛਮ ਵੱਲ 5 ਕਿਲੋਮੀਟਰ ਦੀ ਡੂੰਘਾਈ 'ਤੇ ਜੋਗਿੰਦਰਨਗਰ ਨੇੜੇ ਸੀ। ਭੂਚਾਲ ਦੇ ਝਟਕੇ ਨੇੜਲੇ ਕੁੱਲੂ, ਹਮੀਰਪੁਰ ਅਤੇ ਕਾਂਗੜਾ ਜ਼ਿਲ੍ਹਿਆਂ 'ਚ ਮਹਿਸੂਸ ਕੀਤੇ ਗਏ। ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਪਰ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ। ਕਾਂਗੜਾ ਅਤੇ ਚੰਬਾ 'ਚ 5 ਅਤੇ 6 ਨਵੰਬਰ ਨੂੰ 3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

100 ਸਾਲਾਂ 'ਚ ਆਏ 1300 ਭੂਚਾਲ

ਇਕ ਰਿਕਾਰਡ ਅਨੁਸਾਰ ਹਿਮਾਚਲ ਪ੍ਰਦੇਸ਼ 'ਚ ਪਿਛਲੇ 100 ਸਾਲਾਂ 'ਚ 1300 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਅਧਿਐਨ ਅਨੁਸਾਰ 141 ਭੂਚਾਲ ਰਿਕਟਰ ਸਕੇਲ 'ਤੇ 3 ਤੋਂ 3.9 ਦੀ ਤੀਬਰਤਾ ਦੇ ਸਨ, ਜਦੋਂ ਕਿ 22 ਭੂਚਾਲਾਂ ਦੀ ਤੀਬਰਤਾ 4 ਤੋਂ 4.9, 43 ਦੀ ਤੀਬਰਤਾ 5 ਤੋਂ 5.9, 7 ਭੂਚਾਲਾਂ ਦੀ ਤੀਬਰਤਾ 6 ਤੋਂ 6.9 ਦਰਮਿਆਨ ਸੀ ਅਤੇ ਸਿਰਫ਼ ਇਕ ਦੀ ਤੀਬਰਤਾ 8 ਸੀ।

ਕਿਉਂ ਆਉਂਦਾ ਹੈ ਭੂਚਾਲ

ਭੂਚਾਲ ਸਤ੍ਹਾ ਤੋਂ ਹੇਠਾਂ ਹੋਣ ਵਾਲੀ ਹੱਲਚੱਲ ਕਾਰਨ ਆਉਂਦਾ ਹੈ। ਧਰਤੀ 7 ਪਲੇਟਾਂ ਨਾਲ ਮਿਲ ਕੇ ਬਣੀ ਹੈ, ਜੋ ਘੁੰਮਦੀ ਰਹਿੰਦੀ ਹੈ, ਇਸ ਨੂੰ ਟੈਕਟੋਨਿਕ ਕਹਿੰਦੇ ਹਨ ਅਤੇ ਹਿਮਾਲਿਆ ਦੀਆਂ ਪਲੇਟਾਂ ਦਾ ਟੈਕਟੋਨਿਕ ਸ਼ਿਫਟ ਹੋਣ ਕਾਰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਪਲੇਟਾਂ ਸਾਲਾਨਾ ਲਗਭਗ 3 ਸੈਂਟੀਮੀਟਰ ਆਪਣੇ ਸਥਾਨ ਤੋਂ ਖਿਸਕਦੀਆਂ ਹਨ। ਹਿਮਾਚਲ ਪ੍ਰਦੇਸ਼ ਦੇ ਉਦਯੋਗ ਅਤੇ ਖਨਨ ਵਿਭਾਗ ਦੇ ਰਾਜ ਭੂ-ਵਿਗਿਆਨੀ ਪੁਨੀਤ ਗੁਲੇਰੀਆ ਅਨੁਸਾਰ, ਛੋਟੇ ਭੂਚਾਲ ਤੋਂ ਊਰਜਾ ਨਿਕਲਦੀ ਹੈ ਪਰ ਭਵਿੱਖ 'ਚ ਵੱਡੇ ਭੂਚਾਲ ਦੀ ਕੋਈ ਗਾਰੰਟੀ ਨਹੀਂ ਹੈ। 


author

DIsha

Content Editor

Related News