ਇਹ ਹਨ CM ਸੁੱਖੂ ਖਿਲਾਫ ਬਗਾਵਤ ਕਰਨ ਵਾਲੇ 6 ਵਿਧਾਇਕ, ਜਾਣੋ ਨਾਰਾਜ਼ਗੀ ਦੀ ਵਜ੍ਹਾ

Thursday, Feb 29, 2024 - 07:48 PM (IST)

ਇਹ ਹਨ CM ਸੁੱਖੂ ਖਿਲਾਫ ਬਗਾਵਤ ਕਰਨ ਵਾਲੇ 6 ਵਿਧਾਇਕ, ਜਾਣੋ ਨਾਰਾਜ਼ਗੀ ਦੀ ਵਜ੍ਹਾ

ਸ਼ਿਮਲਾ- ਪਿਛਲੇ ਕਈ ਮਹੀਨਿਆਂ ਤੋਂ ਵਧਦੇ ਅਸ਼ੰਤੋਸ਼ ਤੋਂ ਬਾਅਦ ਹਿਮਾਚਲ ਪ੍ਰਦੇਸ਼ ਕਾਂਗਰਸ ਨੂੰ ਰਾਜ ਸਭਾ ਚੋਣਾਂ 'ਚ ਇਕ ਵੱਡਾ ਝਟਕਾ ਲੱਗਾ, ਜਦੋਂ ਉਸਦੇ 6 ਵਿਧਾਇਕਾਂ ਨੇ ਮੰਗਲਵਾਰ ਨੂੰ ਕਰਾਸ ਵੋਟਿੰਗ ਕੀਤੀ। ਕਾਂਗਰਸ ਵਿਧਾਇਕਾਂ ਦੇ ਬਾਗੀ ਗੁਟ ਦੀ ਅਗਵਾਈ ਸੁਜਾਨਪੁਰ ਵਿਧਾਇਕ ਰਜਿੰਦਰ ਰਾਣਾ ਅਤੇ ਧਰਮਸ਼ਾਲਾ ਵਿਧਾਇਕ ਸੁਧੀਰ ਸ਼ਰਮਾ ਨੇ ਕੀਤੀ। ਸਮੂਹ ਦੇ ਬਾਕੀ ਮੈਂਬਰਾਂ 'ਚ ਬਡਸਰ ਤੋਂ ਇੰਦਰ ਦੱਤ ਲਖਨਪਾਲ, ਲਾਹੌਲ-ਸਪੀਤੀ ਤੋਂ ਰਵੀ ਠਾਕੁਰ, ਗਗਰੇਟ ਤੋਂ ਚੈਤੰਨਿਆ ਸ਼ਰਮਾ ਅਤੇ ਕੁਟਲੇਹੜ ਤੋਂ ਦਵਿੰਦਰ ਭੁੱਟੋ ਸ਼ਾਮਲ ਹਨ। ਇਸ ਰਿਪੋਟਰ 'ਚ ਇਨ੍ਹਾਂ ਬਾਗੀ ਵਿਧਾਇਕਾਂ ਦੀ ਪ੍ਰੋਫਾਈਲ 'ਤੇ ਇਕ ਨਜ਼ਰ...

ਰਜਿੰਦਰ ਰਾਣਾ

ਰਜਿੰਦਰ ਰਾਣਾ 2014 ਵਿੱਚ ਭਾਜਪਾ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ ਸੁਜਾਨਪੁਰ ਤੋਂ ਕਾਂਗਰਸ ਦੇ ਅਸੰਤੁਸ਼ਟ ਵਿਧਾਇਕ ਰਹੇ ਹਨ। ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਪ੍ਰੇਮ ਕੁਮਾਰ ਧੂਮਲ ਦੇ ਵਿਸ਼ਵਾਸਪਾਤਰ ਰਹੇ ਰਾਣਾ ਨੇ ਟਿਕਟ ਨਾ ਮਿਲਣ ’ਤੇ ਭਾਜਪਾ ਛੱਡ ਦਿੱਤੀ ਸੀ। ਤਿੰਨ ਵਾਰ ਵਿਧਾਇਕ ਰਹੇ ਰਾਣਾ ਪਹਿਲੀ ਵਾਰ ਦਸੰਬਰ 2012 ਵਿੱਚ ਵਿਧਾਨ ਸਭਾ ਲਈ ਚੁਣੇ ਗਏ ਸਨ। ਉਨ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੁਜਾਨਪੁਰ ਹਲਕੇ ਤੋਂ ਆਪਣੇ ਸਿਆਸੀ ਸਲਾਹਕਾਰ ਨੂੰ ਹਰਾਇਆ ਸੀ।

ਮੌਜੂਦਾ ਸਰਕਾਰ ਵਿੱਚ ਮੁੱਖ ਮੰਤਰੀ ਸੁੱਖੂ ਵੱਲੋਂ ਮੰਤਰੀ ਦਾ ਅਹੁਦਾ ਨਾ ਦਿੱਤੇ ਜਾਣ ਤੋਂ ਰਾਣਾ ਨਿਰਾਸ਼ ਸੀ। ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਉਹ ਹੁਣ ਕੋਈ ਵੀ ਕੈਬਨਿਟ ਮੰਤਰੀ ਦਾ ਅਹੁਦਾ ਸਵੀਕਾਰ ਨਹੀਂ ਕਰਨਗੇ।

ਚੈਤੰਨਿਆ ਸ਼ਰਮਾ

ਉੱਤਰਾਖੰਡ ਦੇ ਸਾਬਕਾ ਮੁੱਖ ਸਕੱਤਰ ਰਾਕੇਸ਼ ਸ਼ਰਮਾ ਦੇ ਪੁੱਤਰ ਅਤੇ ਗਗਰੇਟ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਚੈਤੰਨਿਆ ਸ਼ਰਮਾ ਆਪਣੇ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜ ਨਾ ਹੋਣ ਕਾਰਨ ਨਾਰਾਜ਼ ਸਨ।

ਦਵਿੰਦਰ ਕੁਮਾਰ (ਭੁੱਟੋ)

ਕੁਟਲੇਹਾਰ ਤੋਂ ਕਾਂਗਰਸੀ ਵਿਧਾਇਕ ਦਵਿੰਦਰ ਭੁੱਟੋ ਪਹਿਲੀ ਵਾਰ ਵਿਧਾਇਕ ਚੁਣੇ ਗਏ ਹਨ। ਉਹ 2021 ਤੋਂ 2022 ਤੱਕ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਹੇ ਹਨ। ਉਹ ਸੂਬੇ ਵਿੱਚ ਭਾਜਪਾ ਦੇ ਸਾਬਕਾ ਅਧਿਕਾਰੀ ਰਹਿ ਚੁੱਕੇ ਹਨ। ਉਹ 2013 ਵਿੱਚ ਭਾਜਪਾ ਤੋਂ ਕਾਂਗਰਸ ਵਿੱਚ ਆਏ ਸਨ। ਜਾਣਕਾਰੀ ਅਨੁਸਾਰ ਸੁੱਖੂ ਸਰਕਾਰ ਵੱਲੋਂ ਉਨ੍ਹਾਂ ਦੇ ਹਲਕੇ ਨਾਲ ਜਿਸ ਤਰ੍ਹਾਂ ਵਿਤਕਰਾ ਕੀਤਾ ਜਾ ਰਿਹਾ ਹੈ, ਉਸ ਤੋਂ ਉਹ ਨਾਖੁਸ਼ ਸਨ।

ਸੁਧੀਰ ਸ਼ਰਮਾ

ਧਰਮਸ਼ਾਲਾ ਤੋਂ ਕਾਂਗਰਸੀ ਵਿਧਾਇਕ ਸੁਧੀਰ ਸ਼ਰਮਾ ਪਹਿਲਾਂ ਵੀਰਭੱਦਰ ਸਿੰਘ ਦੀ ਕੈਬਨਿਟ ਵਿੱਚ ਸ਼ਹਿਰੀ ਵਿਕਾਸ ਮੰਤਰੀ ਸਨ ਅਤੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਨ। ਸੂਬੇ ਦੀ ਸਿਆਸਤ ਦਾ ਕੇਂਦਰ ਮੰਨੇ ਜਾਂਦੇ ਕਾਂਗੜਾ ਜ਼ਿਲ੍ਹੇ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲਣ ਦੀ ਉਮੀਦ ਸੀ। ਸ਼ਰਮਾ ਨੂੰ ਪਾਰਟੀ ਹਾਈਕਮਾਂਡ ਨੇ ਨਜ਼ਰਅੰਦਾਜ਼ ਕਰ ਦਿੱਤਾ। ਜਿਸ ਕਾਰਨ ਉਨ੍ਹਾਂ ਨੇ ਸਾਲਾਨਾ ਯੋਜਨਾ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਗੁਰੇਜ਼ ਕੀਤਾ ਸੀ।

ਇੰਦਰ ਦੱਤ ਲਖਨਪਾਲ

ਬਡਸਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਇੰਦਰ ਦੱਤ ਲਖਨਪਾਲ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਮਈ 2013 ਤੋਂ ਦਸੰਬਰ 2017 ਤੱਕ ਮੁੱਖ ਸੰਸਦੀ ਸਕੱਤਰ ਵੀ ਰਹੇ। ਉਹ 1997 ਤੋਂ 2002 ਤੱਕ ਨਗਰ ਨਿਗਮ ਸ਼ਿਮਲਾ ਦੇ ਕੌਂਸਲਰ ਰਹੇ। ਲਖਨਪਾਲ ਨੂੰ ਵੀ ਮੰਤਰੀ ਅਹੁਦੇ ਦੀ ਆਸ ਸੀ।

ਰਵੀ ਠਾਕੁਰ

ਰਵੀ ਠਾਕੁਰ ਜਨਵਰੀ 2013 ਤੋਂ ਨਵੰਬਰ 2016 ਤੱਕ ਅਨੁਸੂਚਿਤ ਜਨਜਾਤੀਆਂ ਲਈ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ/ਵਾਈਸ ਚੇਅਰਮੈਨ ਵੀ ਰਹੇ। ਦੋ ਵਾਰ ਲਾਹੌਲ-ਸਪੀਤੀ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ। ਉਹ 2012 ਵਿੱਚ ਪਹਿਲੀ ਵਾਰ ਵਿਧਾਨ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਆਪਣੇ ਹਲਕੇ ਦੀ ਅਣਦੇਖੀ ਦਾ ਮੁੱਦਾ ਉਠਾਇਆ ਹੈ। ਠਾਕੁਰ ਨੇ ਪਿਛਲੇ ਸਾਲ ਕਿਹਾ ਸੀ ਕਿ ਸੂਬਾ ਸਰਕਾਰ ਖਿਲਾਫ ਲੋਕਾਂ ਦਾ ਗੁੱਸਾ ਵਧ ਰਿਹਾ ਹੈ। ਰਾਜ ਸਰਕਾਰ ਕਬਾਇਲੀ ਜ਼ਿਲੇ ਲਾਹੌਲ ਅਤੇ ਸਪਿਤੀ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਵਿੱਚ ਅਸਫਲ ਰਹੀ ਹੈ।


author

Rakesh

Content Editor

Related News