ਹਿਮਾਚਲ ਦਾ ਕਸੋਲ ਬਣਿਆ ਕੂੜੇ ਦਾ ਪਹਾੜ, ਵਾਇਰਲ ਵੀਡੀਓ ਨੇ ਚੁੱਕੇ ਪ੍ਰਸ਼ਾਸਨ ਤੇ ਸੈਲਾਨੀਆਂ ''ਤੇ ਸਵਾਲ
Friday, May 30, 2025 - 01:32 PM (IST)

ਕਸੋਲ- ਹਿਮਾਚਲ ਪ੍ਰਦੇਸ਼ ਦੇ ਕਸੋਲ ਤੋਂ ਹੈਰਾਨ ਕਰ ਦੇਣ ਵਾਲਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਕਸੋਲ, ਜਿਸ ਨੂੰ ਕਦੇ "ਕੁਦਰਤੀ ਸਵਰਗ" ਕਿਹਾ ਜਾਂਦਾ ਸੀ, ਹੁਣ ਪਲਾਸਟਿਕ ਅਤੇ ਕੂੜੇ ਦੇ ਢੇਰ 'ਚ ਬਦਲ ਰਿਹਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਕਸੋਲ ਦੇ ਇਕ ਜੰਗਲ 'ਚ ਚਾਰੇ ਪਾਸੇ ਪਲਾਸਟਿਕ ਅਤੇ ਕੂੜਾ ਫੈਲਿਆ ਹੋਇਆ ਦੇਖਿਆ ਜਾ ਸਕਦਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਦੇਸ਼ ਭਰ 'ਚ ਰੋਸ ਫੈਲ ਗਿਆ ਹੈ। ਇਸ ਵੀਡੀਓ 'ਚ ਇਕ ਵਿਅਕਤੀ ਨੂੰ ਕੈਮਰੇ ਨਾਲ ਇਲਾਕੇ ਦੀ ਹਾਲਤ 'ਤੇ ਦੁੱਖ ਪ੍ਰਗਟ ਕਰਦੇ ਦੇਖਿਆ ਜਾ ਸਕਦਾ ਹੈ। ਉਹ ਕਹਿੰਦਾ ਹੈ,''ਬਹੁਤ ਗੰਦੀ ਬਦਬੂ ਆ ਰਹੀ ਹੈ। ਦੇਖੋ ਇਹ ਪਹਿਲਾਂ ਕਿਵੇਂ ਸੀ ਅਤੇ ਹੁਣ ਕਿਵੇਂ ਹੈ।" ਜਿਵੇਂ ਹੀ ਕੈਮਰਾ ਕੂੜੇ ਨਾਲ ਭਰੇ ਖੇਤਰ 'ਤੇ ਘੁੰਮਦਾ ਹੈ, ਪਲਾਸਟਿਕ ਦੇ ਥੈਲੇ, ਬੋਤਲਾਂ ਅਤੇ ਹੋਰ ਕੂੜਾ ਸਾਫ਼ ਦਿਖਾਈ ਦੇ ਰਿਹਾ ਹੈ। ਵਿਅਕਤੀ ਨੇ ਇਸ ਦ੍ਰਿਸ਼ ਨੂੰ "ਘਿਨਾਉਣਾ" ਦੱਸਿਆ ਅਤੇ ਪ੍ਰਸ਼ਾਸਨ ਨੂੰ ਤੁਰੰਤ ਇਸ ਨੂੰ ਸਾਫ਼ ਕਰਨ ਦੀ ਅਪੀਲ ਕੀਤੀ।
ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ, ਹਜ਼ਾਰਾਂ ਲੋਕਾਂ ਨੇ ਇਸ ਨੂੰ ਦੇਖਿਆ ਅਤੇ ਇਸ 'ਤੇ ਪ੍ਰਤੀਕਿਰਿਆ ਦਿੱਤੀ। ਜਿੱਥੇ ਕੁਝ ਲੋਕਾਂ ਨੇ ਸਥਾਨਕ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ, ਉੱਥੇ ਹੀ ਕਈ ਯੂਜ਼ਰਸ ਨੇ ਕਸੋਲ ਦੀ ਸਥਿਤੀ ਲਈ ਸੈਲਾਨੀਆਂ ਦੀਆਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਨੂੰ ਜ਼ਿੰਮੇਵਾਰ ਠਹਿਰਾਇਆ। ਇਕ ਯੂਜ਼ਰ ਨੇ ਲਿਖਿਆ,"ਕਸੋਲ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮੁਅੱਤਲ ਕਰ ਦੇਣਾ ਚਾਹੀਦਾ ਹੈ, ਉਨ੍ਹਾਂ ਨੇ ਸਵਰਗ ਨੂੰ ਨਰਕ 'ਚ ਬਦਲ ਦਿੱਤਾ ਹੈ।" ਇਕ ਹੋਰ ਯੂਜ਼ਰ ਨੇ ਕਿਹਾ,"ਸਿਰਫ਼ @INCHIMachal ਹੀ ਨਹੀਂ, ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ। ਤੁਸੀਂ ਦੇਖਣ ਤਾਂ ਸਵਰਗ ਆਉਂਦੇ ਹਨ ਪਰ ਛੱਡ ਜਾਂਦੇ ਹੋ ਗੰਦਗੀ।" ਤੀਜੇ ਯੂਜ਼ਰ ਨੇ ਸਿੱਧਾ ਸੁਨੇਹਾ ਦਿੱਤਾ,"ਕਸੋਲ ਨੂੰ ਸਾਫ਼ ਰੱਖੋ, ਆਪਣਾ ਕੂੜਾ ਵਾਪਸ ਲੈ ਜਾਓ। ਹਿਮਾਚਲ ਦਾ ਸਤਿਕਾਰ ਕਰੋ।" ਇਹ ਵੀਡੀਓ ਨਾ ਸਿਰਫ਼ ਵਾਤਾਵਰਣ ਸੰਬੰਧੀ ਚਿੰਤਾ ਹੈ ਬਲਕਿ ਇਹ ਪ੍ਰਸ਼ਾਸਨਿਕ ਉਦਾਸੀਨਤਾ ਅਤੇ ਨਾਗਰਿਕਾਂ ਦੀ ਘਟਦੀ ਜ਼ਿੰਮੇਵਾਰੀ ਦਾ ਵੀ ਸੰਕੇਤ ਹੈ। ਵਾਤਾਵਰਣ ਪ੍ਰੇਮੀਆਂ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰਾ ਟੈਕਸ ਲਗਾਉਣ ਦੇ ਬਾਵਜੂਦ, ਸਰਕਾਰ ਨੇ ਇਨ੍ਹਾਂ ਥਾਵਾਂ ਨੂੰ ਸਾਫ਼ ਕਰਨ ਅਤੇ ਸੁਰੱਖਿਅਤ ਰੱਖਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8