ਭਲਕੇ ਹੋ ਗਿਆ ਸਕੂਲਾਂ ''ਚ ਛੁੱਟੀ ਦਾ ਐਲਾਨ, HP ਦੇ 7 ਜ਼ਿਲ੍ਹਿਆਂ ''ਚ ਫਲੈਸ਼ ਫਲੱਡ ਦਾ ਅਲਰਟ; ਐਡਵਾਜ਼ਇਰੀ ਜਾਰੀ
Tuesday, Jul 28, 2026 - 08:52 PM (IST)
ਸ਼ਿਮਲਾ : ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਭਾਰੀ ਬਾਰਿਸ਼, ਭੂ-ਖਿਸਕਣ ਅਤੇ ਅਚਾਨਕ ਹੜ੍ਹ ਆਉਣ ਦੀ ਗੰਭੀਰ ਚੇਤਾਵਨੀ ਜਾਰੀ ਕੀਤੀ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਈ ਜ਼ਿਲ੍ਹਿਆਂ ਵਿੱਚ ਔਰੇਂਜ ਅਤੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ ਵਿੱਚ ਅਗਲੇ 24 ਘੰਟਿਆਂ ਦੌਰਾਨ ਹੜ੍ਹ ਦੀ ਭਾਰੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਸੂਬੇ ਵਿੱਚ 3 ਅਗਸਤ ਤੱਕ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਰਹੇਗਾ।
ਭਾਰੀ ਬਾਰਿਸ਼ ਦੇ ਖ਼ਤਰੇ ਨੂੰ ਦੇਖਦਿਆਂ ਜ਼ਿਲ੍ਹਾ ਸਿਰਮੌਰ ਦੇ ਨਾਹਨ ਉਪਮੰਡਲ ਵਿੱਚ ਭਲਕੇ 29 ਜੁਲਾਈ ਨੂੰ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਐਸ.ਡੀ.ਐਮ. ਨਾਹਨ ਨੇ ਰੈੱਡ ਅਤੇ ਔਰੇਂਜ ਅਲਰਟ ਦੇ ਮੱਦੇਨਜ਼ਰ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਲਿਆ ਹੈ।
ਸਭ ਤੋਂ ਵੱਧ ਨੁਕਸਾਨ ਚੰਬਾ ਜ਼ਿਲ੍ਹੇ ਵਿੱਚ ਹੋਇਆ ਹੈ, ਜਿੱਥੇ ਨਾਲਿਆਂ ਵਿੱਚ ਉਫਾਨ ਆਉਣ ਕਾਰਨ ਮਲਬਾ ਅਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਰਿਪੋਰਟਾਂ ਅਨੁਸਾਰ ਚੰਬਾ ਵਿੱਚ 50 ਤੋਂ ਵੱਧ ਘਰ ਨੁਕਸਾਨੇ ਗਏ ਹਨ ਅਤੇ ਭਡਿਆੜ ਇਲਾਕੇ ਵਿੱਚ ਭੂ-ਖਿਸਕਣ ਕਾਰਨ ਲਗਭਗ 10 ਵਾਹਨ ਮਲਬੇ ਹੇਠ ਦੱਬ ਗਏ ਹਨ। ਕਈ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਸੂਬੇ ਭਰ ਵਿੱਚ ਭਾਰੀ ਬਾਰਿਸ਼ ਕਾਰਨ 108 ਮੁੱਖ ਅਤੇ ਸੰਪਰਕ ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਾਰੇ ਅਧਿਕਾਰੀਆਂ ਨੂੰ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀਆਂ-ਨਾਲਿਆਂ ਦੇ ਨੇੜੇ ਨਾ ਜਾਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
