ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦੀ ਪਤਨੀ ਦਾ ਕੋਰੋਨਾ ਕਾਰਨ ਦਿਹਾਂਤ

12/29/2020 10:23:54 AM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਦੀ ਪਤਨੀ ਦਾ ਮੰਗਲਵਾਰ ਯਾਨੀ ਕਿ ਅੱਜ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ। ਸ਼ਾਂਤਾ ਕੁਮਾਰ ਦੀ ਪਤਨੀ ਸੰਤੋਸ਼ ਸ਼ੈਲਜਾ (75) ਨੂੰ ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਕਾਂਗੜਾ ਦੇ ਟਾਂਡਾ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ ਸੀ। 4 ਦਿਨ ਪਹਿਲਾਂ ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। ਮੰਗਲਵਾਰ ਯਾਨੀ ਕਿ ਅੱਜ ਸੰਤੋਸ਼ ਸ਼ੈਲਜਾ ਨੇ ਆਖਰੀ ਸਾਹ ਲਿਆ। ਕਾਂਗੜਾ ਦੇ ਸੀ. ਐੱਮ. ਓ. ਡਾਕਟਰ ਗੁਰਦਰਸ਼ਨ ਗੁਪਤਾ ਨੇ ਸ਼ਾਂਤਾ ਦੀ ਪਤਨੀ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। 

PunjabKesari

ਦੱਸ ਦੇਈਏ ਇਕ ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਸ਼ਾਂਤਾ ਕੁਮਾਰ ਪਰਿਵਾਰ ਸਮੇਤ ਡਾ. ਰਾਜਿੰਦਰ ਪ੍ਰਸਾਦ ਮੈਡੀਕਲ ਕਾਲਜ ਟਾਂਡਾ ’ਚ ਦਾਖ਼ਲ ਹੋਏ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਂਤਾ ਕੁਮਾਰ ਦਾ ਫੋਨ ’ਤੇ ਹਾਲ-ਚਾਲ ਪੁੱਛਿਆ ਸੀ।  ਉੱਥੇ ਹੀ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੀ ਸ਼ਾਂਤਾ ਕੁਮਾਰ ਨਾਲ ਗੱਲ ਕਰ ਕੇ ਉਨ੍ਹਾਂ ਦਾ ਹਾਲ ਜਾਣਿਆ ਸੀ।

PunjabKesari

ਸ਼ਾਂਤਾ ਕੁਮਾਰ ਨੇ ਹਸਪਤਾਲ ਤੋਂ ਹੀ ਆਪਣੇ ਫੇਸਬੁੱਕ ਪੇਜ਼ ’ਤੇ ਇਕ ਭਾਵੁਕ ਪੋਸਟ ਵੀ ਲਿਖੀ ਸੀ। ਸ਼ਾਂਤਾ ਕੁਮਾਰ ਨੇ ਲਿਖਿਆ ਸੀ ਕਿ ਮੇਰਾ ਪੂਰਾ ਪਰਿਵਾਰ ਕੋਰੋਨਾ ਆਫ਼ਤ ਮੋੜ ’ਤੇ ਖੜ੍ਹਾ ਹੋਇਆ ਹੈ। ਮੈਂ ਹੀ ਕਿਉਂ ਅੱਜ ਪੂਰੀ ਦੁਨੀਆ ਇਸ ਤ੍ਰਾਸਦੀ ਨਾਲ ਜੂਝ ਰਹੀ ਹੈ। ਦੁਨੀਆ ਦੇ ਇਤਿਹਾਸ ਦਾ ਇਹ ਪਹਿਲਾ ਸੰਕਟ ਪਤਾ ਨਹੀਂ ਕਦੋਂ ਟਲੇਗਾ। ਉਨ੍ਹਾਂ ਇਹ ਵੀ ਲਿਖਿਆ ਕਿ ਮੇਰੀ ਧਰਮ ਪਤਨੀ ਤਿੰਨ ਦਿਨਾਂ ਤੋਂ ਕੋਰੋਨਾ ਪੀੜਤ ਹੈ ਅਤੇ ਟਾਂਡਾ ਹਸਪਤਾਲ ’ਚ ਹੈ, ਅੱਜ ਮੈਂ ਵੀ ਇੱਥੇ ਉਨ੍ਹਾਂ ਕੋਲ ਆ ਗਿਆ। ਤਿੰਨ ਦਿਨ ਬਾਅਦ ਮੈਨੂੰ ਵੇਖ ਕੇ ਉਹ ਮੁਸਕਰਾਈ ਅਤੇ ਨਮ ਅੱਖਾਂ ਨਾਲ ਅਸੀਂ ਇਕ-ਦੂਜੇ ਨੂੰ ਵੇਖਿਆ। ਉਸ ਦਾ ਇਲਾਜ ਚੱਲ ਰਿਹਾ ਹੈ। ਅਸੀਂ ਦੋਵੇਂ ਇਕ-ਦੂਜੇ ਨੂੰ ਵੇਖਦੇ ਰਹੇ, ਜ਼ਿਆਦਾ ਕੁਝ ਕਹਿ ਨਾ ਸਕੇ ਪਰ ਬਿਨਾਂ ਕਹੇ ਪਤਾ ਨਹੀਂ ਕਿੰਨਾ ਕੁਝ ਕਹਿੰਦੇ ਅਤੇ ਸੁਣਦੇ ਰਹੇ।


Tanu

Content Editor

Related News