ਹਿਮਾਚਲ ਪ੍ਰਦੇਸ਼ : ਚੰਬਾ ''ਚ ਜ਼ਮੀਨ ਖਿੱਸਕਣ ਤੋਂ ਬਾਅਦ ਮਕਾਨ ਹੋਇਆ ਢਹਿ-ਢੇਰੀ, 3 ਦੀ ਮੌਤ

Saturday, Aug 20, 2022 - 10:07 AM (IST)

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿਚ ਸ਼ਨੀਵਾਰ ਸਵੇਰੇ ਮੀਂਹ ਕਾਰਨ ਜ਼ਮੀਨ ਖਿਸਕਣ ਨਾਲ ਇਕ ਮਕਾਨ ਢਹਿ ਗਿਆ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੰਡੀ ਜ਼ਿਲ੍ਹੇ 'ਚ ਹੜ੍ਹ ਕਾਰਨ ਘਰਾਂ 'ਚ ਪਾਣੀ ਵੜ ਗਿਆ, ਜਿਸ ਨਾਲ ਕੁਝ ਪਿੰਡ ਵਾਸੀ ਉੱਥੇ ਫਸ ਗਏ ਅਤੇ ਕਈ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਚੰਬਾ ਜ਼ਿਲ੍ਹਾ ਐਮਰਜੈਂਸੀ ਆਪਰੇਸ਼ਨ ਸੈਂਟਰ (ਡੀ.ਈ.ਓ.ਸੀ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਚੌਵਾਰੀ ਤਹਿਸੀਲ ਦੇ ਬਨੇਤ ਪਿੰਡ ਵਿਚ ਸ਼ਨੀਵਾਰ ਤੜਕੇ 4.30 ਵਜੇ ਜ਼ਮੀਨ ਖਿਸਕ ਗਈ, ਜਿਸ ਤੋਂ ਬਾਅਦ ਇਕ ਘਰ ਢਹਿ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ 3 ਲੋਕਾਂ ਦੀ ਮੌਤ ਹੋ ਗਈ। ਤਿੰਨੋਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ ਮੰਡੀ 'ਚ ਸਵੇਰੇ 4.15 ਵਜੇ ਆਏ ਹੜ੍ਹ ਤੋਂ ਬਾਅਦ ਬਲਹ, ਸਦਰ, ਥੁਨਾਗ, ਮੰਡੀ ਅਤੇ ਲਮਾਥਾਚ 'ਚ ਕਈ ਘਰਾਂ ਅਤੇ ਦੁਕਾਨਾਂ 'ਚ ਪਾਣੀ ਵੜ ਗਿਆ।

ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਸੜਕ ਕਿਨਾਰੇ ਖੜ੍ਹੇ ਕਈ ਵਾਹਨ ਨੁਕਸਾਨੇ ਗਏ ਹਨ ਅਤੇ ਸਥਾਨਕ ਵਾਸੀ ਘਰਾਂ ਦੇ ਅੰਦਰ ਹੀ ਫਸੇ ਰਹੇ। ਹਿਮਾਚਲ ਪ੍ਰਦੇਸ਼ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ 25 ਅਗਸਤ ਤੱਕ ਸੂਬੇ ਵਿਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕਰਕੇ ਜ਼ਮੀਨ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਹੈ। ਰਾਜ ਆਫ਼ਤ ਪ੍ਰਬੰਧਨ ਵਿਭਾਗ ਦੇ ਨਿਰਦੇਸ਼ਕ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਕਾਂਗੜਾ, ਚੰਬਾ, ਮੰਡੀ, ਕੁੱਲੂ, ਸ਼ਿਮਲਾ, ਸਿਰਮੌਰ, ਸੋਲਨ, ਹਮੀਰਪੁਰ, ਊਨਾ ਅਤੇ ਬਿਲਾਸਪੁਰ ਜ਼ਿਲ੍ਹਿਆਂ ਵਿਚ ਅਗਲੇ ਤਿੰਨ-ਚਾਰ ਦਿਨਾਂ ਤੱਕ ਮੀਂਹ ਜਾਰੀ ਰਹੇਗਾ ਅਤੇ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਮੋਖਤਾ ਨੇ ਜ਼ਿਲ੍ਹਾ ਐਮਰਜੈਂਸੀ ਆਪਰੇਸ਼ਨ ਸੈਂਟਰਾਂ (ਡੀ.ਈ.ਓ.ਸੀ.) ਨੂੰ ਇਸ ਸਮੇਂ ਦੌਰਾਨ ਢਿੱਗਾਂ ਡਿੱਗਣ, ਹੜ੍ਹ, ਬੱਦਲ ਫਟਣ, ਚੱਟਾਨਾਂ ਡਿੱਗਣ, ਪਾਣੀ ਦੇ ਪੱਧਰ ਵਿਚ ਅਚਾਨਕ ਵਾਧਾ ਅਤੇ ਜ਼ਰੂਰੀ ਸੇਵਾਵਾਂ ਵਿਚ ਵਿਘਨ ਪੈਣ ਦੀ ਸਥਿਤੀ ਵਿਚ ਲੋੜੀਂਦੇ ਸੁਰੱਖਿਆ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਉੱਥੇ ਹੀ ਤੇਜ਼ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਸਕੂਲ ਬੰਦ ਰਹਿਣਗੇ। 


DIsha

Content Editor

Related News